ਜਲੰਧਰ: ਸ਼ਹਿਰ ਤੋਂ ਛਪਣ ਵਾਲੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਅਖਬਾਰ ‘ਅਜੀਤ’ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਨੇ ਤਲਬ ਕੀਤਾ ਹੈ। ਸੂਤਰਾ ਦੀ ਮੰਨੀਏ ਤਾਂ ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਪੰਜਾਬ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਇਸਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਖ਼ਿਲਾਫ਼ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਕਿ ਸੱਤਾ ਦੇ ਨਸ਼ੇ ਵਿੱਚ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ‘ਆਪ’ ਸਰਕਾਰ ਇਹ ਬੇਸ਼ਰਮੀ ਭਰਿਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਥ ਅਤੇ ਪੰਜਾਬ ਦੀ ਆਵਾਜ਼ ਅਜੀਤ ਅਤੇ ਪਦਮ ਭੂਸ਼ਣ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਇਹ ਬਹੁਤ ਸ਼ਰਮਸਾਰ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਪ੍ਰੈਸ ਦੀ ਆਜ਼ਾਦੀ ਬਾਰੇ ਹਮਦਰਦ ਸਾਹਿਬ ਦੇ ਸਿਧਾਂਤਕ ਸਟੈਂਡ ਲਈ ਬਦਲਾ ਲੈਣਾ ਹੈ
ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਗੈਰ ਪੰਜਾਬੀਆਂ ਦੁਆਰਾ ਚਲਾਈ ਗਈ ਇਹ ਸਰਕਾਰ ਪੰਜਾਬ ਦੀ ਜ਼ਮੀਰ ਦੀ ਆਵਾਜ਼ ਨੂੰ ਕਦੇ ਵੀ ਦਬਾਅ ਨਹੀਂ ਪਾਵੇਗੀ। ਉਨ੍ਹਾਂ ਕਿਹਾ “ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਇਸ ਹੰਕਾਰ ਵਿਰੁੱਧ ਹਮਦਰਦ ਸਾਹਬ ਅਤੇ ਅਜੀਤ ਅਖਬਾਰ (ਪੰਜਾਬ ਦੀ ਆਵਾਜ਼) ਦੇ ਨਾਲ ਖੜਾ ਹੈ।”
ਦੱਸ ਦੇਈਏ ਕਿ ਵਿਜੀਲੈਂਸ ਵਲੋਂ ਤਲਬ ਹੋਣ ਤੋਂ ਬਾਅਦ ਹੁਣ ਅਜੀਤ ਦੇ ਮੁੱਖ ਸੰਪਾਦਕ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਹੋਏ ਭ੍ਰਿਸ਼ਟਾਚਾਰ ‘ਚ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਇਸ ਸਬੰਧੀ ਕੋਈ ਭੂਮਿਕਾ ਨਹੀਂ ਹੈ। ਇਨ੍ਹਾਂ ਹੀ ਨਹੀਂ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਖਰਚ ਕੀਤੇ ਗਏ ਪੈਸੇ ਦਾ ਹਿਸਾਬ ਦੇਣ ਲਈ ਵੀ ਕਿਹਾ ਜਾਵੇਗਾ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਵਿਜੀਲੈਂਸ ਦੀ ਇਸ ਕਾਰਵਾਈ ਵਿਰੁਧ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ‘ਚ ਵਸਦੇ ਪੰਜਾਬੀ ਇਸ ਗੱਲ ਤੋਂ ਹੈਰਾਨ ਨੇ ਕਿ ਕਿਸ ਤਰ੍ਹਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਭ੍ਰਿਸ਼ਟ ‘ਆਪ’ ਸਰਕਾਰ ਜ਼ੁਲਮ ਕਰਕੇ ਪ੍ਰੈਸ ਦੀ ਆਜ਼ਾਦੀ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜੀਤ ਅਖ਼ਬਾਰ ਦੇ ਐਮ.ਡੀ ਪਦਮ ਭੂਸ਼ਨ ਬਰਜਿੰਦਰ ਸਿੰਘ ਹਮਦਰਦ ਪੰਜਾਬੀ ਪੱਤਰਕਾਰੀ ਦੇ ਪ੍ਰਤੀਕ ਨੇ ਅਤੇ ਪੰਜਾਬ ਦੀ ‘ਆਪ’ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਖੜੇ ਰਹੇ ਹਨ। ਵਿਰੋਧੀ ਧਿਰ ‘ਤੇ ਨੇਤਾ ਨੇ ਵੀ ਮਾਨ ਸਰਕਾਰ ਦੀ ਇਸ ਕਾਰਵਾਈ ‘ਤੇ ਵਰਦਿਆਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਪਦਮ ਭੂਸ਼ਨ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਦੀ ਸਭ ਤੋਂ ਸਤਿਕਾਰਤ ਮੀਡੀਆ ਸ਼ਖ਼ਸੀਅਤਾਂ ਵਿੱਚੋਂ ਇੱਕ ਨੂੰ ਤਲਬ ਕਰਨਾ ਬਹੁਤ ਹੀ ਨਿੰਦਣਯੋਗ ਹੈ। ਅਜਿਹੀਆਂ ਦਬਾਅ ਦੀਆਂ ਚਾਲਾਂ ਨਾਲ, ‘ਆਪ ਪੰਜਾਬ’ ਮੀਡੀਆ ਵਿੱਚ ਜੋ ਵੀ ਆਜ਼ਾਦ ਆਵਾਜ਼ਾਂ ਬਚੀਆਂ ਹਨ ਉਨ੍ਹਾਂ ਨੂੰ ਦਬਾ ਦੇਣਾ ਚਾਹੁੰਦੀ ਹੈ। ਪੰਜਾਬ ਦੇ ਸੀ.ਐਮ ਭਗਵੰਤ ਮਾਨ ਪੰਜਾਬ ਵਿੱਚ ਇੱਕ “ਬਈ-ਮਾਨ ਮੀਡੀਆ” ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਿਰਫ “ਉਸ ਦੇ ਮਾਲਕ ਦੀ ਆਵਾਜ਼” ਦੇ ਹੁਕਮਾਂ ਨੂੰ ਤੋਤੇ ਵਾਂਗ ਰਟੇਗਾ।