ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਪੰਜਾਬੀ ਲੋਕ ਫਨਕਾਰਾਂ ਦੀ ਕਦਰ ਜ਼ਰੂਰੀ- ਕੰਵਰ ਗਰੇਵਾਲ

 

ਲੁਧਿਆਣਾਃ 17 ਨਵੰਬਰ(ਪ੍ਰਿਤਪਾਲ ਸਿੰਘ ਪਾਲੀ] ਵੱਖਰੇ ਲੋਕ ਅੰਦਾਜ਼ ਦੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਬੀਤੀ ਸ਼ਾਮ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਲੋਕ ਫਨਕਾਰਾਂ ਦੀ ਕਦਰਦਾਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਖ਼ੁਸ਼ਬੂ ਸ਼ਰੀਫ਼ ਈਦੂ ਦੇ ਸੰਗੀਤ ਵਿੱਚ ਸੀ ਜਾਂ ਦੇਸ ਰਾਜ ਲਚਕਾਨੀ ਦੀ ਢਾਡੀ ਕਲਾ ਵਿੱਚ ਹੈ, ਉਹ ਕਿਸੇ ਹੋਰ ਕੋਲ ਨਹੀਂ। ਇਸ ਕਿਸਮ ਦੇ ਅਨੇਕਾਂ ਹੋਰ ਕਲਾਕਾਰ ਗੁੰਮਨਾਮੀ ਦੇ ਆਲਮ ਵਿੱਚ ਜੀਅ ਰਹੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ਕਰਕੱ ਇਨ੍ਹਾਂ ਦੇ ਸੰਗੀਤ ਦੀ ਸੰਭਾਲ ਅਤੇ ਪਰਿਵਾਰਕ ਫਿਕਰਾਂ ਤੋਂ ਮੁਕਤੀ ਦਾ ਪ੍ਰਬੰਧ ਵੀ ਸੰਸਥਾਵਾਂ ਤੇ ਸਭਿਆਚਾਰਕ ਪ੍ਰਬੰਧ ਵੇਖਦੀਆਂ ਧਿਰਾਂ ਨੂੰ ਕਰਨਾ ਚਾਹੀਦਾ ਹੈ। ਕੰਵਰ ਗਰੇਵਾਲ ਨੇ ਕਿਹਾ ਕਿ ਸੰਗੀਤ ਕਲਾ ਤੇ ਸਾਹਿੱਤ ਦਾ ਅਟੁੱਟ ਰਿਸ਼ਤਾ ਹੈ ਜਿਸਨੂੰ ਨਿਭਾ ਕੇ ਹੀ ਭਵਿੱਖ ਦੀ ਸੁੰਦਰ ਰੂਪ ਰੇਖਾ ਉਲੀਕੀ ਜਾ ਸਕਦੀ ਹੈ। ਉਨ੍ਹਾਂ ਇਸ ਮੌਕੇ ਸਮਾਜ ਵਿੱਚ ਧੀਆਂ ਦੀ ਅਹਿਮੀਅਤ ਬਾਰੇ ਕੁਝ ਬੋਲ “ਧੀਏ ਨੀ ਗੁਲਕੰਦ ਵਰਗੀਏ, ਰੇਸ਼ਮ ਸੁੱਚੀ ਤੰਦ ਵਰਗੀਏ, ਰਾਤ ਹਨ੍ਹੇਰੀ ਵਿੱਚ ਤੂੰ ਚਮਕੇਂ, ਪੂਰਨਮਾਸ਼ੀ ਚੰਦ ਵਰਗੀਏ” ਗਾ ਕੇ ਸੁਣਾਏ।
ਪੰਜਾਬੀ ਲੋਕ ਵਿਕਾਸਤ ਅਕਾਡਮੀ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੇ ਕੰਵਰ ਗਰੇਵਾਲ ਨੂੰ ਗੁਰਮੁਖੀ ਪੈਂਤੀ ਅੱਖਰੀ ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਾਝੇ ਦੀ ਗਾਇਕੀ ਦਾ ਰਸ ਜਾਨਣ ਲਈ ਅਮਰਜੀਤ ਗੁਰਦਾਸਪੁਰੀ, ਅਮਰੀਕ ਸਿੰਘ ਗਾਜ਼ੀਨੰਗਲ, ਜਸਬੀਰ ਖ਼ੁਸ਼ਦਿਲ ਦੇ ਗਾਏ ਗੀਤ, ਸੋਹਣ ਸਿੰਘ ਸੀਤਲ ਦੀਆਂ ਢਾਡੀ ਵਾਰਾਂ , ਜੋਗਾ ਸਿੰਘ ਜੋਗੀ, ਬਲਦੇਵ ਸਿੰਘ ਬੈਂਕਾ, ਸੁਲੱਖਣ ਸਿੰਘ ਰਿਆੜ ਤੇ ਗੁਰਮੁਖ ਸਿੰਘ ਐੱਮ ਅ ਦੀਆਂ ਕਵੀਸ਼ਰੀਆਂ ਸੁਣਨ ਤੇ ਸੰਭਾਲਣ ਦੀ ਲੋੜ ਹੈ। ਮਾਲਵੇ ਵਿੱਚ ਬਾਬੂ ਰਜਬ ਅਲੀ, ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਪੰਡਤ ਬੀਰਬਲ ਘੱਲਾਂ ਵਾਲੇ, ਰਾਮ ਜੀ ਦਾਸ ਰੋਡਿਆਂ ਵਾਲੇ ਕਵੀਸ਼ਰਾਂ ਦੀ ਦਸਤਾਵੇਜੀ ਪਛਾਣ ਨਿਸ਼ਚਤ ਕਰਨ ਦੀ ਲੋੜ ਹੈ। ਆਪਣੀ ਗਫ਼ਲਤ ਕਾਰਨ ਅਸੀਂ ਕਈ ਲੋਕ ਸੰਗੀਤ ਵੰਨਗੀਆਂ ਗੁਆ ਲਈਆਂ ਹਨ ਜਿੰਨ੍ਹਾਂ ਵਿੱਚੋਂ ਸੱਦ, ਟੱਪਾ, ਕਲੀਆਂ ਦਾ ਟਕਸਾਲੀ ਸਰੂਪ, ਜਿੰਦੂਆ ਤੇ ਕਈ ਕੁਝ ਹੋਰ ਵਿਸਾਰ ਬੈਠੇ ਹਾਂ। ਉਨ੍ਹਾਂ ਆਸ ਪ੍ਰਗਟਾਈ ਕਿ ਜਿਵੇਂ ਵੀਹ ਕੁ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੋਕ ਨਾਚਾਂ ਲਈ ਪਰਮਜੀਤ ਸਿੰਘ ਸਿੱਧੂ( ਪੰਮੀ ਬਾਈ) ਤੇ ਲੋਕ ਸੰਗੀਤ ਵਿੱਚ ਡਾ. ਗੁਰਨਾਮ ਸਿੰਘ ਦੀ ਅਗਵਾਈ ਵਿੱਚ ਲੋਕ ਫਨਕਾਰ ਯੂਨੀਵਰਸਿਟੀ ਬੁਲਾ ਕੇ ਰੀਕਾਰਡ ਕੀਤੇ ਸਨ, ਉਸ ਵਿਧੀ ਵਿਧਾਨ ਨੂੰ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਵੀ ਹੱਥ ਵਿੱਚ ਲੈਣ।

ਪ੍ਰਿਤਪਾਲ ਸਿੰਘ ਪਾਲੀ  M 94175 00813

 

Leave a Comment

Recent Post

Live Cricket Update

You May Like This