ਲੁਧਿਆਣਾ ਵਿਚ ਅਕਾਲੀ ਦਲ ਲਈ ਕੀਤਾ ਪ੍ਰਚਾਰ, ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤਾਂ ਵਿਚ ਆਪਣੀ ਖੇਤਰੀ ਪਾਰਟੀ ਲਈ ਵੋਟਾਂ ਪਾਉਣ
ਲੁਧਿਆਣਾ, 19 ਦਸੰਬਰ🙁 ਪ੍ਰਿਤਪਾਲ ਸਿੰਘ ਪਾਲੀ)ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਈਸਟ ਇੰਡੀਆ ਕੰਪਨੀ ਵਾਂਗੂ ਚਲਾ ਰਹੇ ਹਨ ਅਤੇ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਲੁੱਟਣ ਵਾਸਤੇ ਇਸਤੇ ਸਰੋਤ ਲੁੱਟ ਰਹੇ ਹਨ।
ਅਕਾਲੀ ਆਗੂ, ਜਿਹਨਾਂ ਨੇ ਨਗਰ ਨਿਗਮ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹੱਕ ਵਿਚ ਆਪਣੀ ਖੇਤਰੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਤੇਜ਼ ਰਫਤਾਰ ਵਿਕਾਸ ਕਰਨ ਦਾ ਰਿਕਾਰਡ ਰਿਹਾ ਹੈ। ਉਹਨਾਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਪਿਛਲੇ 8 ਸਾਲਾਂ ਵਿਚ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਵਿਚ ਸਾਰੇ ਸ਼ਹਿਰਾਂ ਵਿਚ ਬੁਨਿਆਦੀ ਢਾਂਚਾ ਢਹਿ ਢੇਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਅਕਾਲੀ ਦਲ ਦੀ ਹਮਾਇਤ ਕਰੋ ਤਾਂ ਜੋ 2027 ਵਿਚ ਇਕ ਜਵਾਬਦੇਹ ਤੇ ਵਿਕਾਸ ਪੱਖੀ ਸਰਕਾਰ ਸਥਾਪਿਤ ਹੋ ਸਕੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਵਿਧਾਇਕ ਅਰਵਿੰਦ ਕੇਜਰੀਵਾਲ ਰਿਮੋਰਟ ਕੰਟਰੋਲ ਨਾਲ ਸਰਕਾਰ ਨਹੀਂ ਚਲਾ ਸਕਦੇ। ਉਹਨਾਂ ਕਿਹਾ ਕਿ ਇਹ ਸਰਕਾਰ ਪੰਜਾਬ ਦੇ ਸਰੋਤ ਲੁੱਟ ਕੇ ਦੇਸ਼ ਭਰ ਵਿਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਲੱਗੀ ਹੈ। ਉਹਨਾਂਕਿਹਾ ਕਿ ਤੁਸੀਂ ਵੇਖਿਆ ਹੈ ਕਿ ਕਿਵੇਂ ਸੈਂਕੜੇ ਕਰੋੜਾਂ ਰੁਪਏ ਇਸ਼ਤਿਹਾਰਾਂ ਅਤੇ ਸਸਤੇ ਤਮਾਸ਼ਿਆਂ ’ਤੇ ਲੁਟਾਇਆ ਗਿਆ ਜਦੋਂ ਕਿ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਮੁਲਾਜ਼ਮਾਂ ਨੂੰ ਹਾਲੇ ਤੱਕ ਪੁਰਾਣੀ ਪੈਨਸ਼ਨ ਸਕੀਮ ਤੇ ਮਹਿੰਗਾਈ ਭੱਤੇ ਨਹੀਂ ਮਿਲ ਰਹੇ ਜਿਹਨਾਂ ਦੇ ਐਲਾਨ ਕੀਤੇ ਗਏ। ਉਹਨਾਂ ਕਿਹਾ ਕਿ ਸ਼ਹਿਰਾਂ ਵਿਚ ਬੁਨਿਆਦੀ ਢਾਂਚਾ ਢਹਿ ਢੇਰੀ ਹੋ ਰਿਹਾ ਹੈ ਤੇ ਸ਼ਹਿਰੀ ਸੜਕਾ, ਸੀਵਰੇਜ ਤੇ ਲਾਈਟਾਂ ਦੀ ਹਾਲਾਤ ਬਹੁਤ ਮਾੜੀ ਹੈ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਾਨੂੰਨ ਵਿਵਸਥਾ ਇੰਨੀ ਬੁਰੀ ਤਰ੍ਹਾਂ ਢਹਿ ਢੇਰੀ ਹੋਈ ਹੈ ਕਿ ਲੋਕ ਹਨੇਰੇ ਵਿਚ ਆਪਣੇ ਘਰਾਂ ਵਿਚੋਂ ਨਿਕਲਣ ਤੋਂ ਡਰਨ ਲੱਗੇ ਹਨ। ਉਹਨਾਂ ਕਿਹਾ ਕਿ ਪਹਿਲਾਂ ਅਸੀਂ ਵੇਖਿਆ ਕਿ ਕਿਵੇਂ ਮਿਥ ਕੇ ਕਤਲ ਹੋਏ, ਅਗਵਾ ਦੀਆਂ ਘਟਨਾਵਾਂ ਹੋਈਆਂ ਤੇ ਫਿਰੌਤੀਆਂ ਲਈਆਂ ਗਈਆਂ। ਹੁਣ ਰੋਜ਼ਾਨਾ ਲੁੱਟ ਖੋਹ ਹੋ ਰਹੀ ਹੈ। ਉਹਨਾਂ ਕਿਹਾ ਕਿ ਗੈਂਗਸਟਰਾਂ ’ਤੇ ਨਕੇਲ ਕਸਣ ਵਾਸਤੇ ਕੱਖ ਵੀ ਨਹੀਂ ਕੀਤਾ ਜਾ ਰਿਹਾ ਤੇ ਆਪ ਵਿਧਾਇਕ ਨਸ਼ਾ ਮਾਫੀਆ ਦੀ ਪੁਸ਼ਤ ਪਨਾਹੀ ਕਰ ਰਹੇ ਹਨ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਰੀ ਸਰਹੱਦੀ ਪੱਟੀ ਅਸੁਰੱਖਿਅਤ ਬਣ ਗਈ ਹੈ ਤੇ ਪੁਲਿਸ ਥਾਣਿਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਸਰਹੱਦੀ ਪੱਟੀ ਦੇ ਹਾਲਾਤ ਦੀ ਸੰਜੀਦਗੀ ਸਮਝਣ ਕੇ ਪੰਜਾਬ ਪੁਲਿਸ ਗ੍ਰਨੇਡ ਧਮਾਕਿਆਂ ਨੂੰ ਟਾਇਰ ਫਟਣ ਦੀਆਂ ਘਟਨਾਵਾਂ ਕਰਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਡੀ ਜੀ ਪੀ ਨੂੰ ਵੀ ਪੁਲਿਸ ਥਾਣਿਆਂ ਵਿਚ ਧਮਾਕੇ ਹੋਣ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ ਪਹੁੰਚਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਬੇਪਰਵਾਹ ਹਨ ਅਤੇ ਉਹ ਦਰੁੱਸਤੀ ਭਰੇ ਕਦਮ ਚੁੱਕਣ ਵਿਚ ਨਾਕਾਮ ਸਾਬਤ ਹੋਏ ਹਨ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਲੋਕਾਂ ਨੇ ਆਪ ਸਰਕਾਰ ਤੋਂ ਕੋਈ ਆਸ ਹੀ ਛੱਡ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਜਿਸ ਕਾਰਣ ਸੂਬੇ ਸਿਰ ਢਾਈ ਸਾਲਾਂ ਵਿਚ ਕਰਜ਼ਾ ਵੱਧ ਕੇ 3.75 ਲੱਖ ਕਰੋੜ ਰੁਪਏ ਹੋ ਗਿਆ ਹੈ। ਸਰਕਾਰ ਕੋਲ ਵਿਕਾਸ ਵਾਸਤੇ ਕੋਈ ਪੈਸਾ ਨਹੀਂ ਹੈ।
ਅਕਾਲੀ ਆਗੂ ਦੇ ਨਾਲ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ,ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਰਣਜੀਤ ਸਿੰਘ ਢਿੱਲੋਂ ਤੇ ਸਰਦਾਰ ਭੁਪਿੰਦਰ ਸਿੰਘ ਭਿੰਦਾ ਵੀ ਹਾਜ਼ਰ ਸਨ।