ਲੁਧਿਆਣਾ 22 ਦਸੰਬਰ ( .ਪ੍ਰਿਤਪਾਲ ਸਿੰਘ ਪਾਲੀ ਨੇ ਸੁਣਾਈ )- ਗੁਰਬਾਣੀ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਜਵੱਦੀ ਟਕਸਾਲ ਦੇ ਸੰਸਥਾਪਕ ਸੰਤ ਬਾਬਾ ਸੁਚਾ ਸਿੰਘ ਜੀ ਸਿਰਜੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਨਿਰੰਤਰ ਕਾਰਜਸ਼ੀਲ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਅਤੇ ਪੋਹ ਮਹੀਨੇ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਸ਼ਹੀਦੀ ਸਮਾਗਮ ਦੇ ਸਬੰਧ ਚ ਨਾਮ ਸਿਮਰਨ ਸਮਾਗਮ ਕਰਵਾਇਆ ਜਾਂਦਾ ਹੈ। ਜਿਸ ਦੀ ਆਰੰਭਤਾ ਬੀਤੀ ਸ਼ਾਮ 7 ਵਜੇ ਹੋਈ। ਆਰੰਭ ਵਿਚ “ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ” ਦੇ ਹੋਣਹਾਰ ਵਿਿਦਆਰਥੀਆਂ ਨੇ ਤੰਤੀ ਸਾਜਾਂ ਨਾਲ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਸ਼ਬਦ ਕੀਰਤਨ ਕੀਤਾ। ਉਪਰੰਤ ਸੰਤ ਬਾਬਾ ਅਮੀਰ ਸਿੰਘ ਨੇ ਵਕਤ ਦੇ ਹਾਲਾਤਾਂ ਅਤੇ ਹਾਕਮ ਧਿਰ ਦੀ ਮਾਨਵਤਾ ਪ੍ਰਤੀ ਮਾੜੀ ਸੋਚ ਨੂੰ ਥੰਮਣ ਲਈ ਗੁਰੂ ਸਾਹਿਬਾਨਾਂ ਅਤੇ ਸਿੱਖ ਯੋਧਿਆਂ ਦੀ ਸਕਾਰਾਤਮਕ ਸੋਚ ਨਾਲ ਸਬੰਧਤ ਗੁਰਬਾਣੀ ਦੇ ਹਵਾਲਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਅੱਜ ਸਵੇਰੇ 10:00 ਤੋਂ 10:15 ਤੱਕ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸਮੇਤ ਚਮਕੌਰ ਦੇ ਮੈਦਾਨੇ ਜੰਗ ਵਿੱਚ ਲੱਖਾਂ ਫੌਜਾਂ ਨਾਲ ਜੂਝਦੇ ਸ਼ਹੀਦ ਹੋਏ ਸਿੱਖ ਯੋਧਿਆਂ ਦੀ ਯਾਦ ਵਿੱਚ ਅੱਜ ਸਵੇਰੇ ਵਾਹਿਗੁਰੂ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਕਰਵਾਏ ਗਏ। ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵਾਹਿਗੁਰੂ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਵਿੱਚ ਹਾਜ਼ਰੀ ਭਰੀ।