ਲੁਧਿਆਣਾ ਵਿੱਚ ਬਣਾਈ ਜਾਵੇ ਈਦਗਾਹ ਅਤੇ ਮੁਸਲਿਮ ਕਮਿਊਨਿਟੀ ਸੈਂਟਰ :- ਸ਼ਾਹੀ ਇਮਾਮ ਪੰਜਾਬ
ਲੁਧਿਆਣਾ, 4 ਜਨਵਰੀ (ਪ੍ਰਿਤਪਾਲ ਸਿੰਘ ਪਾਲੀ) ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੀ ਮੀਟਿੰਗ ਦਾ ਆਯੋਜਨ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਬਦੁਲ ਬਾਰੀ ਸਲਮਾਨੀ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮੌਜੂਦ ਰਹੇ। ਇਸ ਮੌਕੇ ਤੇ ਜਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਅਬਦੁਲ ਬਾਰੀ ਸਲਮਾਨੀ ਦਾ ਲੁਧਿਆਣਾ ਪਹੁੰਚਣ ਤੇ ਸਵਾਗਤ ਕੀਤਾ ਗਿਆ।
ਇਸ ਮੀਟਿੰਗ ਚ ਪੰਜਾਬ ਭਰ ਦੇ ਘੱਟ ਗਿਣਤੀਆਂ ਨੂੰ ਪੇਸ਼ ਆਉਣ ਵਾਲੀਆਂ ਪਰੇਸ਼ਾਨੀਆਂ ਦੇ ਬਾਰੇ ਸ੍ਰੀ ਅਬਦੁਲ ਬਾਰੀ ਸਲਮਾਨੀ ਅਤੇ ਸ਼ਾਹੀ ਇਮਾਮ ਪੰਜਾਬ ਨੇ ਖੁੱਲ ਕੇ ਗੱਲਬਾਤ ਕੀਤੀ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਲੁਧਿਆਣਾ ਦੇ ਮੁਸਲਮਾਨਾਂ ਦੀ ਪੁਰਾਣੀ ਮੰਗ ਲਿਖਤੀ ਰੂਪ ਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਦਿੱਤੀ ਜਿਸ ਵਿੱਚ ਕਿਹਾ ਗਿਆ ਕਿ ਸ਼ਹਿਰ ਵਿੱਚ ਈਦਗਾਹ ਅਤੇ ਮੁਸਲਿਮ ਕਮਿਊਨਿਟੀ ਸੈਂਟਰ ਬਣਾਉਣ ਦੇ ਲਈ ਪੰਜਾਬ ਸਰਕਾਰ ਫੌਰੀ ਤੌਰ ਤੇ ਜਗ੍ਹਾ ਅਤੇ ਫੰਡ ਮੁਹਈਆ ਕਰਵਾਏ।
ਇਸ ਮੌਕੇ ਤੇ ਸ਼ਾਹੀ ਇਮਾਮ ਨੇ ਘੱਟ ਗਿਣਤੀਆਂ ਨੂੰ ਸਬੰਧ ਰੱਖਣ ਵਾਲੇ ਬੱਚਿਆਂ ਦੀ ਸਿੱਖਿਆ ਪੱਧਰ ਨੂੰ ਉੱਤੇ ਚੁੱਕਣ ਲਈ ਪੰਜਾਬ ਭਰ ਦੇ ਬੱਚਿਆਂ ਨੂੰ ਜਾਤੀ ਪ੍ਰਮਾਣ ਪੱਤਰ ਨੂੰ ਲੈ ਕੇ ਆ ਰਹੀ ਪਰੇਸ਼ਾਨੀ ਦੇ ਸੰਬੰਧ ਵਿੱਚ ਵੀ ਗੱਲ ਕੀਤੀ। ਸ਼ਾਹੀ ਇਮਾਮ ਨੇ ਕਮਿਸ਼ਨ ਦੇ ਚੇਅਰਮੈਨ ਦੇ ਸਾਹਮਣੇ ਪੰਜਾਬ ਭਰ ਵਿੱਚ ਆਏ ਦਿਨ ਕਬਰਸਤਾਨਾ ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪੇਸ਼ ਆ ਰਹੀ ਪਰੇਸ਼ਾਨੀਆਂ ਦੇ ਸੰਬੰਧ ਵਿੱਚ ਵੀ ਗੱਲਬਾਤ ਕੀਤੀ। ਕਮਿਸ਼ਨ ਦੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਘੱਟ ਗਿਣਤੀ ਕਮਿਸ਼ਨ ਲਗਾਤਾਰ ਘੱਟ ਗਿਣਤੀਆਂ ਦੀ ਪਰੇਸ਼ਾਨੀਆਂ ਨੂੰ ਹੱਲ ਕਰਵਾਉਣ ਦੇ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਘੱਟ ਗਿਣਤੀਆਂ ਦੇ ਨਾਲ ਸਬੰਧਿਤ ਸਿੱਖਿਆ ਸੰਸਥਾਨਾਂ ਨੂੰ ਘੱਟ ਗਿਣਤੀ ਦਾ ਦਰਜਾ ਦੇ ਕੇ ਵਿਸ਼ੇਸ਼ ਸਹੂਲਤਾਂ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਕੰਮ ਕੀਤਾ ਜਾ ਰਿਹਾ ਹੈl ਚੇਅਰਮੈਨ ਨੇ ਕਿਹਾ ਕੀ ਮਦਰਸਿਆਂ ਵਿੱਚ ਪ੍ਰਾਇਮਰੀ ਸਿੱਖਿਆ ਦੇ ਅਧਿਆਪਕ ਵੀ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਅਤੇ ਪੰਜਾਬ ਭਰ ਦੀਆਂ ਜੋ ਵੀ ਮੰਗਾਂ ਪੰਜਾਬ ਦੇ ਮੁਸਲਮਾਨਾਂ ਦੇ ਧਾਰਮਿਕ ਆਗੂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਵੱਲੋਂ ਰੱਖੀਆਂ ਗਈਆਂ ਹਨ ਮੈਂ ਉਹਨਾਂ ਨੂੰ ਲੈ ਕੇ ਜਲਦ ਹੀ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਇਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ।
ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਘੱਟ ਗਿਣਤੀ ਭਾਈਚਾਰੇ ਦੀ ਤਰੱਕੀ ਅਤੇ ਭਲਾਈ ਲਈ ਵੱਧ ਤੋਂ ਵੱਧ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀ ਦੇ ਭਾਈਚਾਰੇ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।