ਲੁਧਿਆਣਾ 6 ਜਨਵਰੀ( ਪ੍ਰਿਤਪਾਲ ਸਿੰਘ ਪਾਲੀ )–ਖਾਲਸੇ ਦੇ ਸਿਰਜਣਹਾਰ, ਸੰਤ-ਸਿਪਾਹੀ, ਸਰਬੰਸ ਦਾਨੀ, ਮਹਾਨ ਕਾਵਿ ਰਚਨਹਾਰ, ਦੂਰਦਰਸ਼ੀ, ਨੀਤੀਵਾਨ, ਨਿਧੜਕ ਤੇ ਨਿਰਵੈਰ ਜਰਨੈਲ ਸਮੁੱਚੀ ਮਨੁੱਖਤਾ ਦੇ ਰਹਿਬਰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਵਾਹਿਦ ਯੁੱਗ ਪਲਟਾਊ ਮਹਾਨ ਪੁਰਸ਼ ਸਨ। ਆਪ ਜੀ ਦੀ ਸਰਬਪੱਖੀ ਸ਼ਖ਼ਸੀਅਤ ਦਾ ਥਾਹ ਪਾਉਣਾ ਸੰਭਵ ਹੈ। ਉਪਰੋਕਤ ਪ੍ਰਵਚਨ ਸੰਤ ਬਾਬਾ ਅਮੀਰ ਸਿੰਘ ਜੀ ਨੇ ਜਵੱਦੀ ਟਕਸਾਲ ਵਿਖੇ ਦਸ਼ਮੇਸ਼ ਪਿਤਾ ਜੀ ਦੇ 358 ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਜੁੜੀਆਂ ਸੰਗਤਾਂ ‘ਚ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਧਿਆਤਮਕ ਗੁਰੂ, ਬੀਰ ਸੈਨਾਪਤੀ ਤੇ ਵਿਦਵਾਨ ਮਹਾਂਕਵੀ ਦਾ ਸੰਗਮ ਸਨ। ਉਨ੍ਹਾਂ ਮਨੁੱਖੀ ਸਮਾਜ ‘ਚ ਇਕਸੁਰਤਾ ਪੈਦਾ ਕਰ ਕੇ ਅਮਨ-ਸ਼ਾਂਤੀ ‘ਚ ਰਹਿੰਦੀਆਂ ਸਭਿਆਚਾਰ ਦੀਆਂ ਉਚੇਰੀਆਂ ਸਿਖਰਾਂ ਨੂੰ ਛੂਹਿਆ ਅਤੇ ਅਗਲੇਰੀਆਂ ਪੀੜ੍ਹੀਆਂ ਲਈ ਉੱਚਾ ਸੁੱਚਾ ਤੇ ਸਾਰਥਕ ਉਪਦੇਸ਼ ਪੇਸ਼ ਕੀਤਾ। ਗੁਰੂ ਸਾਹਿਬ ਜੀ ਜਿੱਥੇ ਖੜਗਧਾਰੀ ਯੋਧੇ ਸਨ, ਉਨ੍ਹਾਂ ਸਿੱਖਾਂ ਨੂੰ ਖੜਗ ਦਾ ਯੋਗ ਪਯੋਗ ਕਰਨਾ ਸਮਝਾਇਆ। ਉਥੇ ਮਨੁੱਖ ਨੂੰ ਰੱਬ ਨਾਲ ਮੇਲਣ ਤੇ ਮਨੁੱਖਾਂ ਨੂੰ ਪਰਸਪਰ ਮੇਲਣ ਦੇ ਵੀ ਬੇਅੰਤ ਸਾਰਥਕ ਉਪਰਾਲੇ ਕੀਤੇ। ਬਾਬਾ ਜੀ ਨੇ ਗੁਰੂ ਇਤਿਹਾਸ ਦੇ ਵੱਖ ਵੱਖ ਹਵਾਲਿਆਂ ਦਾ ਜਿਕਰ ਕਰਦਿਆਂ ਸਪੱਸ਼ਟ ਕੀਤਾ ਕਿ ਬੇਸ਼ੱਕ ਗੁਰੂ ਜੀ ਖੜਗਧਾਰੀ ਯੋਧੇ ਸਨ, ਮਹਾਂ ਕਵੀ ਵੀ ਸਨ, ਪਰ ਇਸ ਤੋਂ ਵੱਧ ਵਿਸ਼ੇਸ਼ਤਾ ਕਿ ਉਹ ਪ੍ਰੀਤ ਪੈਗੰਬਰ ਸਨ, ਜਿਨ੍ਹਾਂ ਮਨੁੱਖਤਾ ਨੂੰ ਏਕਤਾ ਅਤੇ ਪ੍ਰੇਮ ਪਿਆਰ ਦਾ ਪੈਗਾਮ ਦਿੱਤਾ, ਖਾਲਸੇ ਨੂੰ ਦ੍ਰਿੜ ਕਰਵਾਇਆ “ਪੂਰਨ ਪ੍ਰੇਮ ਪ੍ਰਤੀਤਿ ਸਜੈ ਬ੍ਰਤ” ਭਾਵ ਪ੍ਰੇਮ ਭਾਵ ਨਾਲ ਪ੍ਰਭੂ ਦੀ ਪ੍ਰਤੀਤ ਭਰੋਸੇ ਦਾ ਪ੍ਰਣ ਨਿਭਾਉਣਾ ਮੁਢਲੀ ਕਾਰ ਹੈ। ਬਾਬਾ ਜੀ ਨੇ “ਜਾਗਤ ਜੋਤ ਜਪੈ ਨਿਸਬਾਸਰ…” ਦਸਮ ਬਾਣੀ ਦੇ ਹਵਾਲੇ ਨਾਲ ਵਿਰੋਧਤਾਈ, ਬਿਖਮਤਾਈਆਂ ਦੇ ਬਾਵਜ਼ੂਦ ਧਰਮ ਤੇ ਸ੍ਰਿਸ਼ਟਾਚਾਰ, ਏਕਤਾ ਦੀ ਪਛਾਣ ਤੇ ਜੀਵਨ ਦੇ ਭੇਦਾਂ ਨੂੰ ਵਿਸਥਾਰ ਨਾਲ ਸਮਝਾਇਆ। ਬਾਬਾ ਜੀ ਨੇ ਸਪੱਸ਼ਟ ਕੀਤਾ ਕਿ “ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ” ਦਾ ਸੰਦੇਸ਼ ਦੇਣ ਵਾਲੇ ਗੁਰੂ ਦਾ ਇਕੋ-ਇਕ ਮਨੋਰਥ ਸੀ ਕਿ “ਤਮਾਮ ਮਨੁੱਖਤਾ ਪ੍ਰੀਤ ਧਾਗੇ ਵਿਚ ਪਰੋਈ ਜਾਵੇ ਤੇ ਪ੍ਰੇਮ ਪਿਆਰ ਹੀ ਸਭ ਦਾ ਮਜ਼੍ਹਬ ਤੇ ਸਭ ਦੀ ਰਾਜਨੀਤੀ ਹੋਵੇ, ਤਾਂ ਹੀ ਅਜੋਕਾ ਮਨੁੱਖ ਅਪਣੇ ਸਿਰਜੇ ਸੰਕਟ ਚੋਂ ਨਿਕਲ ਸਕਦਾ ਹੈ। ਇਹੀ ਲੋੜ ਹੈ ਪ੍ਰੀਤ ਦੇ ਪੈਗੰਬਰ ਦੇ ਪੈਗਾਮ ਨੂੰ ਸਮਝਣ ਦੀ। ਦੱਸਣਾ ਬਣਦਾ ਹੈ ਕਿ “ਜਵੱਦੀ ਟਕਸਾਲ” ਗੁਰਬਾਣੀ ਪ੍ਰਚਾਰ-ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਕਾਰਜਸ਼ੀਲ ਹੈ। ਅੱਜ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਦੇ ਭੋਗ ਪਏ ਅਤੇ ਗੁਰੂ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਹੋਈ। ਗੁਰੂ ਕਾ ਲੰਗਰ ਅਤੁੱਟ ਵਰਤਿਆ।