ਸਾਡਾ ਮਕਸਦ ਸਿੰਘ ਸਾਹਿਬ ਦੀਆਂ 25 ਵਰ੍ਹਿਆਂ ਦੀਆਂ ਸੇਵਾਵਾਂ ਦੇ ਸਬੰਧ ‘ਚ ਹੋ ਰਹੇ ਸਮਾਗਮਾਂ ਦੀ ਆਭਾ ਨੂੰ ਵਧਾਉਣਾ ਹੈ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 10 ਜਨਵਰੀ ( ਪ੍ਰਿਤਪਾਲ ਸਿੰਘ ਪਾਲੀ )- ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਵਲੋਂ ਤਖ਼ਤ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਦੀ ਸੇਵਾ ਨਿਭਾਉਂਦਿਆਂ ਆਉਂਦੀ 25 ਜਨਵਰੀ ਨੂੰ 25 ਵਰ੍ਹੇ ਪੂਰੇ ਹੋ ਰਹੇ ਹਨ। ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਅਜੋਕੇ ਦੌਰ ‘ਚ ਜੇਕਰ ਪੰਜ ਤਖ਼ਤ ਸਾਹਿਬਾਨਾਂ ਦੀ ਗੱਲ ਤੁਰਦੀ ਹੈ, ਤਾਂ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਜੀ ਦੇ ਸੇਵਾਕਾਲ ਦੀ ਹੀ ਗੱਲ ਤੁਰਨ ਲਗਦੀ ਹੈ, ਕਿਉਕਿ ਜੇਕਰ ਬਾਰੀਕੀ ਨਾਲ ਵੇਖਿਆ ਜਾਂ ਸਮਝਿਆ ਜਾਵੇ ਤਾਂ ਉਨ੍ਹਾਂ ਵਰਗੀ ਕਿਧਰੇ ਉਦਾਹਰਣ ਨਜ਼ਰ ਨਹੀਂ ਆਉਂਦੀ। ਸਿੰਘ ਸਾਹਿਬ ਦੇ ਨਜ਼ਦੀਕੀਆਂ ਵਲੋਂ 25 ਜਨਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ। ਉਥੇ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਇਸ ਸਮਾਗਮ ਪ੍ਰਤੀ ਸ਼ਰਧਾ ਸਤਿਕਾਰ ਨਾਲ ਮਨਾਉਣ ਦਾ ਚਾਓ ਵੀ ਨਜ਼ਰ ਆ ਰਿਹਾ ਹੈ ਤਾਂ ਕਿ ਸਮਾਗਮ ਨੂੰ ਪੂਰੇ ਜਾਹ-ਓ-ਜਲਾਲ ਨਾਲ ਮਨਾਇਆ ਜਾਵੇ। ਮਿਲ ਰਹੀਆਂ ਜਾਣਕਾਰੀਆਂ ਅਨੁਸਾਰ ਜਵੱਦੀ ਟਕਸਾਲ ਵਲੋਂ ਇਸ ਮੌਕੇ ਨੂੰ ਸਦੀਵੀ ਰੂਪ ਚ ਯਾਦਗਾਰੀ ਬਣਾਉਣ ਲਈ 24 ਜਨਵਰੀ ਸ਼ਾਮ 7:00 ਵਜੇ ਤੋਂ ਰਾਤ10:00 ਵਜੇ ਤੱਕ ਵਿਸ਼ੇਸ਼ ਰਾਗਾਤਮਿਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀ ਤੰਤੀ ਸਾਜ਼ਾਂ ਦੁਆਰਾ ਗੁਰੂ ਸਾਹਿਬ ਵਲੋਂ ਖੁਦ ਅਗੰਮੀ ਮੰਡਲ ਦੀ ਰਚੀ ਬਾਣੀ ਦੇ ਰਾਗ ਅਧਾਰਿਤ ਕੀਰਤਨ ਕਰਨਗੇ। ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਜਿੱਥੇ ਯੁੱਧ ਕਲਾ ਦੇ ਮਾਹਰ ਸਨ, ਉਥੇ ਗੁਰਮਤਿ ਸੰਗੀਤ ਦੇ ਵੀ ਮਾਹਰ ਸਨ। ਉਹ ਖੁਦ ਤਾਉਸ ਨਾਲ ਕੀਰਤਨ ਕਰਦੇ ਸਨ, ਕੀਰਤਨੀਆਂ ਨੂੰ ਪ੍ਰੋਤਸਾਹਿਤ ਕਰਦੇ ਸਨ। ਸਾਡੇ ਵਲੋਂ ਵਿਸ਼ੇਸ਼ ਰਾਗਾਤਮਿਕ ਕੀਰਤਨ ਦਰਬਾਰ ਕਰਵਾਉਣ ਦਾ ਮਕਸਦ ਸਿੰਘ ਸਾਹਿਬ ਦੀਆਂ 25 ਵਰ੍ਹਿਆਂ ਦੀਆਂ ਸੇਵਾਵਾਂ ਦੇ ਸਬੰਧ ‘ਚ ਹੋ ਰਹੇ ਸਮਾਗਮਾਂ ਦੀ ਆਭਾ ਨੂੰ ਵਧਾਉਣਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਵੱਦੀ ਟਕਸਾਲ ਨਾਲ ਜੁੜੀਆਂ ਸੰਗਤਾਂ ਵੀ ਵੱਡੀ ਗਿਣਤੀ ‘ਚ ਇਸ ਸਮਾਗਮ ਵਿੱਚ ਸਮੂਲੀਅਤ ਕਰਨ ਲਈ ਉਚੇਚੇ ਤੌਰ ਤੇ ਸ਼੍ਰੀ ਹਜ਼ੂਰ ਸਾਹਿਬ ਜਾ ਰਹੀਆਂ ਹਨ।