ਲੁਧਿਆਣਾ 12 ਜਨਵਰੀ ਪ੍ਰਿਤਪਾਲ ਸਿੰਘ ਪਾਲੀ)–ਸਿੱਖ ਵਿਰਾਸਤ ਨੂੰ ਸੰਭਾਲਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚ ਲੀਨ ਹੋਣ ਅਤੇ ਪੰਥ ਦੀ ਸੇਵਾ ਲਈ ਪ੍ਰੇਰਨ ਵਾਲੇ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਜਾਨਸ਼ੀਨ ਸੰਤ ਬਾਬਾ ਅਮੀਰ ਸਿੰਘ ਜੀ ਮੌਜੂਦਾ ਮੁਖੀ ਜਵੱਦੀ ਟਕਸਾਲ ਨੇ ਅੱਜ ਅਪਣੇ ਵੱਡੇ ਮਹਾਂਪੁਰਸ਼ਾਂ ਦੇ ਅਰੰਭੇ ਕਾਰਜ਼ਾਂ ਦਾ ਘੇਰਾ ਵਧਾਉਂਦਿਆਂ ਪੰਜ ਸਿੰਘਾਂ ਸਮੇਤ ਸੁੱਖ ਸਾਗਰ ਡਿਸਪੈਂਸਰੀ, ਸ਼੍ਰੀ ਗੁਰੂ ਹਗੋਬਿੰਦ ਸਾਹਿਬ ਰਿਹਾਇਸ਼ੀ ਕੰਪਲੈਕਸ ਇਮਾਰਤ ਦੀ ਨੀਂਹ ਰੱਖੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਮਤਿ ਮਰਿਯਾਦਾ ਅਨੁਸਾਰ ਗੁਰਬਾਣੀ ਸ਼ਬਦਾਂ ਦੇ ਪਾਠ, ਗੁਰਮੰਤਰ ਦੇ ਜਾਪ ਅਤੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਨਵੀਂ ਬਣਨ ਵਾਲੀ ਇਮਾਰਤ ਦੀ ਨੀਂਹ ਰੱਖੀ। ਇਸ ਮੌਕੇ ਬਾਬਾ ਜੀ ਨੇ ਦੱਸਿਆ ਕੀ ਇਸ ਇਮਾਰਤ ਅੰਦਰ ਫਰੀ ਡਿਸਪੈਂਸਰੀ, ਲਾਇਬ੍ਰੇਰੀ ਅਤੇ ਸੰਗਤ ਲਈ ਹੋਰ ਲੋੜੀਦੀਆਂ ਸੇਵਾਵਾਂ ਮੁਹਾਈਆ ਕਰਵਾਉਣ ਦਾ ਟੀਚਾ ਮਿੱਥਿਆ ਹੈ। ਜਿਸ ਨਾਲ ਸੰਗਤਾਂ ਨੂੰ ਸਹੂਲਤ ਮਿਲੇਗੀ। ਇਸ ਮੌਕੇ ਡਾ: ਜੋਗਿੰਦਰ ਸਿੰਘ ਨੇ ਬਾਬਾ ਜੀ ਦੀ ਦੂਰਦਰਸ਼ੀ ਸੋਚ, ਨਿਰਣਾਇਕਤਾ, ਸੰਸਾਧਨਤਾ, ਸਮਾਜ ਸੇਵੀ ਕਾਰਜ਼ਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਜੋਕੇ ਦੌਰ ‘ਚ ਜਵੱਦੀ ਟਕਸਾਲ ਗੁਰਬਾਣੀ ਪ੍ਰਚਾਰ ਪਸਾਰ ਅਤੇ ਗੁਰਮਤਿ ਸੰਗੀਤ ਦੇ ਖੇਤਰ ‘ਚ ਸੰਗਤਾਂ ਲਈ ਪ੍ਰੇਰਨਾ ਸਰੋਤ ਅਤੇ ਮਾਰਗ ਦਰਸ਼ਨ ਕਰਦੀ ਆ ਰਹੀ ਹੈ। ਇਸ ਉਪਰੰਤ ਹਫਤਾਵਰੀ ਨਾਮ ਸਿਮਰਨ ਸਮਾਗਮ ਵੀ ਹੋਇਆ। ਜਿਸ ਵਿੱਚ ਮਹਾਂਪੁਰਸ਼ਾਂ ਨੇ ਗੁਰਮਤਿ ਜੀਵਨ ਦੀ ਜੁਗਤ, ਮਨੁੱਖ ਤੋਂ ਸਿੱਖ ਅਤੇ ਸਿੱਖ ਤੋਂ ਦੇਵਤਾ ਹੋਣ ਤੱਕ ਦੀ ਰੂਹਾਨੀ ਯਾਤਰਾ ਰੂਪੀ ਗੁਣੀ ਨਿਧਾਨ ਪ੍ਰਭੂ ਭਗਤੀ ਵਾਲੇ ਦੈਵੀ ਗੁਣਾਂ ਦੇ ਧਾਰਨੀ ਹੋਣ ਤੇ ਜੋਰ ਦਿੰਦਿਆਂ ਅਗਿਆਨ ਤੋਂ ਗਿਆਨ ਤੱਕ ਦੀ ਅਥਵਾ ਵਿਸ਼ੇ ‘ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹਲੂਣਾ ਦਿੱਤਾ ਕਿ ਸਾਡਾ ਇੱਥੇ ਆਉਣਾ ਤਾਂ ਹੀ ਸਫਲ ਹੋਵੇਗਾ ਜੇਕਰ ਅਸੀਂ ਅਨੰਦ ਭਰੀ ਜੀਵਨ ਮੁਕਤ ਅਵਸਥਾ ਲਈ ਗੁਰੂ ਨਾਲ ਸਿਦਕ, ਸਮਰਪਣ ਅਤੇ ਅਣ-ਤਿੜਕੇ ਭਰੋਸੇ ਵਾਲਾ ਰੂਹਾਨੀ ਰਿਸ਼ਤਾ ਬਣਾਵਾਂਗੇ।