ਲੁਧਿਆਣਾ 9ਫਰਵਰੀ(ਪ੍ਰਿਤਪਾਲ ਸਿੰਘ ਪਾਲੀ)–ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਅਤੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਜੱਦੀ ਪਿੰਡ ਠਰਵਾ ਮਾਜਰਾ ਕਰਨਾਲ ਹਰਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਗੁਰਮਤਿ ਸਮਾਗਮ ਹੋਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਿੰਨ ਦਿਨਾਂ ਸਮਾਗਮ ਦੌਰਾਨ ਭਾਈ ਕਰਨੈਲ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਸਰੂਪ ਸਿੰਘ ਰੂਪ ਤਿੰਨੋ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਇੰਦਰਜੀਤ ਸਿੰਘ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਜਸਕਰਨ ਸਿੰਘ ਪਟਿਆਲਾ ਵਾਲੇ, ਭਾਈ ਬਲਕਾਰ ਸਿੰਘ ਲੁਧਿਆਣਾ ਵਾਲੇ, ਬੀਬੀ ਰਵਿੰਦਰ ਕੌਰ ਪਟਿਆਲਾ, ਬੀਬੀ ਕਵਲਜੀਤ ਕੌਰ ਮਸਕੀਨ ਸ਼ਾਹਬਾਦ ਮਾਰਕੰਡਾ, ਗੁਰਸ਼ਬਦ ਸੰਗੀਤ ਅਕੈਡਮੀ ਜਵੜੀ ਟਕਸਾਲ ਦੇ ਭਾਈ ਭਾਰਤ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਹਰਵਿੰਦਰ ਸਿੰਘ ਰਬਾਬੀ, ਭਾਈ ਅਰਸ਼ਦੀਪ ਸਿੰਘ ਤਬਲਾ ਵਾਦਕ ਆਦਿ ਕੀਰਤਨੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ। ਗਿਆਨੀ ਸਾਹਿਬ ਸਿੰਘ ਕੈਨੇਡਾ ਵਾਲੇ, ਪ੍ਰਿੰਸੀਪਲ ਬਲਜੀਤ ਸਿੰਘ ਮਿਸ਼ਨਰੀ ਕਾਲਜ ਚੌਂਤਾ ਕਲਾਂ, ਗਿਆਨੀ ਨਰਿੰਦਰ ਸਿੰਘ ਕਨੇਡਾ ਵਾਲੇ ਆਦਿ ਪੰਥ ਪ੍ਰਸਿੱਧ ਕਥਾਵਾਚਕਾਂ ਨੇ ਗੁਰਬਾਣੀ ਸ਼ਬਦ ਅਤੇ ਗੁਰੂ ਇਤਿਹਾਸ ਦੀ ਕਥਾ ਕਰਦਿਆਂ ਸੰਗਤਾਂ ਨੂੰ ਜੋੜਿਆ। ਗਿਆਨੀ ਤਰਲੋਚਨ ਸਿੰਘ ਭਮੱਦੀ ਗਿਆਨੀ ਬਲਦੇਵ ਸਿੰਘ ਐਮ ਏ., ਗਿਆਨੀ ਗੁਰਮੁਖ ਸਿੰਘ ਐਮ ਏ ਢਾਡੀ ਜੱਥਿਆਂ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਗਾਇਨ ਕਰਦਿਆਂ ਸੰਗਤਾਂ ਅੰਦਰ ਜੋਸ਼ ਭਰਿਆ। ਸਮਾਗਮ ਦੌਰਾਨ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਨ ਦੀ ਸਾਂਝ ਪਾਉਂਦਿਆਂ ਸਫਲ ਜੀਵਨ ਮਾਰਗ ਦੀ ਸੋਝੀ ਦੇਣ ਲਈ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਆਰੰਭ ਕੀਤੇ ਪਿੰਡ ਠਰਵਾ ਮਾਜਰਾ ਸਮਾਗਮ ਦੀ ਦੂਰਅੰਦੇਸ਼ੀ ਅੱਜ ਸਾਹਮਣੇ ਨਜ਼ਰ ਆ ਰਹੀ ਹੈ ਜਦੋਂ ਠਾਠਾਂ ਮਾਰਦਾ ਸੰਗਤਾਂ ਦਾ ਇਕੱਠ ਸਥਾਨਕ ਜੁਗਿਆਸੂਆਂ ਦੀ ਪ੍ਰਭੂ ਮਿਲਾਪ ਦੀ ਤਾਂਘ ਪੂਰਾ ਕਰਦਾ ਮਹਿਸੂਸ ਹੁੰਦਾ ਹੈ। ਇਸ ਮੌਕੇ ਸਮਾਗਮ ਦੀ ਸਫਲਤਾ ਲਈ ਅਹਿਮ ਜ਼ਿੰਮੇਵਾਰੀ ਨਿਭਾਉਂਦਿਆਂ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਅਣ-ਲੋੜੀਂਦੇ ਸੰਸਾਰਕ ਝਮੇਲਿਆਂ ਝੰਜਟਾਂ ‘ਚ ਫਸ ਕੇ ਖੁਆਰ ਹੋਣ ਨਾਲੋਂ ਗੁਰੂ ਦੀ ਮੱਤ ਲੈਣ ਤੇ ਜੋਰ ਦਿੱਤਾ।ਉਨ੍ਹਾਂ ਦੱਸਿਆ ਕਿ ਆਉਦੇ ਵਰ੍ਹੇ 13,14,15 ਫਰਵਰੀ 2026 ਨੂੰ ਸਮਾਗਮ ਹੋਵੇਗਾ। ਸ੍ਰ: ਸਤਪਾਲ ਸਿੰਘ ਮੁਲਤਾਨੀ ਵਲੋਂ ਗੁਰਦੁਆਰਾ ਈਸ਼ਰਧਾਮ ਦੇ ਦਰਬਾਰ ਸਾਹਿਬ ਦੇ ਸੁੰਦਰੀਕਰਨ ਕਰਨ ਬਦਲੇ ਅਤੇ ਡਾ: ਗੁਰਬੀਰ ਸਿੰਘ ਗਿੱਲ ਵਲੋਂ ਨਿਭਾਈਆਂ ਸਿਹਤ ਸੇਵਾਵਾ ਸਬੰਧੀ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਗਿਆਨੀ ਗੁਰਵਿੰਦਰ ਸਿੰਘ ਜਵੱਦੀ ਟਕਸਾਲ ਨੇ ਸਟੇਜ ਸੰਚਾਲਨ ਦੀ ਅਹਿਮ ਜ਼ਿੰਮੇਵਾਰੀ ਨਿਭਾਈ ਜਦਕਿ ਜਵੱਦੀ ਟਕਸਾਲ ਤੋਂ ਉਚੇਚੇ ਤੌਰ ਤੇ ਪੁੱਜੇ ਪੰਜ ਪਿਆਰੇ ਸਹਿਬਾਨ ਨੇ ਅੰਮ੍ਰਿਤ ਸੰਚਾਰ ਕੀਤਾ ਅਤੇ 25 ਪ੍ਰਾਣੀ ਗੁਰੂ ਵਾਲੇ ਬਣੇ।
