ਲੁਧਿਆਣਾ, 20 ਫਰਵਰੀ (ਪ੍ਰਿਤਪਾਲ ਸਿੰਘ ਪਾਲੀ) ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਈਸ਼ਰ ਨਗਰ ਅਤੇ ਲੋਹਾਰਾ ਪੁਲ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ।
ਚੱਲ ਰਹੇ ਕਾਰਜਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਵਿਧਾਇਕ ਛੀਨਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੋਵੇਂ ਪੁਲਾਂ ਦੇ ਚੱਲ ਰਹੇ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਵਸਨੀਕਾਂ ਇਸਦਾ ਲਾਭ ਮਿਲ ਸਕੇ। ਵਿਧਾਇਕ ਛੀਨਾ ਅੱਜ ਹਲਕੇ ਦੇ ਗਿਆਸਪੁਰਾ, ਲੋਹਾਰਾ ਪਿੰਡ, ਈਸਟਮੈਨ ਚੌਕ, ਇੰਡਸਟਰੀਅਲ ਏਰੀਆ-ਸੀ, ਕੰਗਣਵਾਲ, ਸ਼ੇਰਪੁਰ, ਜੀ.ਟੀ.ਰੋਡ, ਢਾਬਾ ਰੋਡ, ਜਸਪਾਲ ਬਾਂਗਰ ਆਦਿ ਨੂੰ ਜੋੜਨ ਵਾਲੇ ਲੋਹਾਰਾ ਅਤੇ ਈਸ਼ਰ ਨਗਰ ਪੁਲ ਦਾ ਨਿਰੀਖਣ ਕਰਨ ਪੁੱਜੇ। 

ਵਿਧਾਇਕ ਛੀਨਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਟਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਵਿਧਾਇਕ ਛੀਨਾ ਨੇ ਕਿਹਾ ਕਿ ਇਹ ਪੁਲ ਤੰਗ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਲੰਮਾ ਟਰੈਫਿਕ ਜਾਮ ਲੱਗ ਜਾਂਦਾ ਸੀ। ਪਿਛਲੇ ਸਾਲ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਇਸ ਸਮੱਸਿਆ ਬਾਰੇ ਜਾਣੂੰ ਕਰਵਾਇਆ ਸੀ, ਉਪਰੰਤ ਇਸਦੇ ਨਿਰਮਾਣ ਕਾਰਜ਼ਾਂ ਲਈ ਫੰਡ ਜਾਰੀ ਕਰ ਦਿੱਤੇ ਸਨ।
ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।