ਲੁਧਿਆਣਾ, 8 ਮਾਰਚ (ਪ੍ਰਿਤਪਾਲ ਸਿੰਘ ਪਾਲੀ)-ਗੁਰੂ ਘਰ ਦੇ ਅਨਿੰਨ ਨਿਸ਼ਕਾਮ ਸੇਵਕ, ਕਿਰਤੀ ਗੁਰਸਿੱਖ, ਪਰਉਪਕਾਰੀ ਅਤੇ ਸਿੱਖਿਆ ਦਾਨੀ ਸੱਚਖੰਡਵਾਸੀ ਗਿਆਨੀ ਭਗਤ ਸਿੰਘ ਜੀ ਦੀ ਜਨਮ-ਸ਼ਤਾਬਦੀ ਨੂੰ ਸਮਰਪਿਤ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ: ਰਣਜੋਧ ਸਿੰਘ-ਸਮੂਹ ਮੈਂਬਰਾਨ ਸਾਹਿਬਾਨ-ਕਾਲਜ ਪ੍ਰਿੰਸੀਪਲ ਤੇ ਸਮੂੰਹ ਸਟਾਫ਼ ਮੈਬਰਾਂ-ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ “ਬਾਬਾ ਗੁਰਮੁਖ ਸਿੰਘ ਯਾਦਗਾਰੀ ਹਾਲ” ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਗੁਰਬਾਣੀ ਰਾਮਗੜ੍ਹੀਆ ਵਿਦਿਅਕ ਸੰਸਥਾ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਗੁਰਬਾਣੀ ਸਬਦ ਕੀਰਤਨ ਗਾਇਨ ਨਾਲ ਹੋਈ, ਉਪਰੰਤ ਰੱਬੀ ਅਬਾਦਤ ਨੂੰ ਦਰਸਾਉਂਦਾ ਸੂਫ਼ੀ ਗਾਇਨ ਵੀ ਹੋਇਆ। ਸਮਾਗਮ ਦੌਰਾਨ ਸੰਤ ਗਿਆਨੀ ਹਰੀ ਸਿੰਘ ਰੰਧਾਵਾ ਨੇ ਗਿਆਨ ਅਤੇ ਮਾਤਾ-ਪਿਤਾ ਦਾ ਜੀਵਨ ਲਕਸ਼ ਸਬੰਧੀ ਅਹਿਮ ਪੱਖ ਵਿਸ਼ਵ ਨਾਲ ਬਹੁਤ ਹੀ ਗਹਿਰਾਈ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਸੁਪਰੀਮ ਕੋਰਟ ਦੇ ਨਾਮਵਰ ਵਕੀਲ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਮਿਹਨਤ, ਲਕਸ਼ ਅਤੇ ਸਕਰਾਤਮਿਕ ਸੋਚ ਵਿਸ਼ੇ ਨਾਲ ਸਬੰਧਿਤ ਵਿਚਾਰਾਂ ਦੀ ਸਾਂਝ ਪਾਈ। ਉੱਘੇ ਸਿੱਖ ਵਿਦਵਾਨ ਡਾ: ਅਨੁਰਾਗ ਸਿੰਘ ਨੇ ਗਿਆਨੀ ਭਗਤ ਸਿੰਘ ਜੀ ਦੇ ਜੀਵਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਰੱਬ ਨਾਲ ਜੁੜਿਆ ਕਿਰਤੀ ਸੱਚੀ ਕਿਰਤ ਕਰਦਾ ਹੈ ਤਾਂ ਨਿਰੰਕਾਰ ਨਾਲ ਅਭੇਦ ਵੀ ਹੁੰਦਾ ਹੈ। ਉਨ੍ਹਾਂ ਸੱਚਖੰਡ ਤੋਂ ਮਾਤਲੋਕ ਦੇ ਸਫ਼ਰ ‘ਚ ਸਫਲ ਹੋਣ ਵਾਲੇ ਪੱਖਾਂ ਨੂੰ ਆਪਣੇ ਵਿਚਾਰਾਂ ‘ਚ ਸਾਂਝਾ ਕੀਤਾ। ਸੰਤ ਗਿਆਨੀ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਵਿਰਾਸਤ ਦੀ ਸੰਭਾਲ, ਦੁਨਿਆਵੀ ਅਤੇ ਅਧਿਆਤਮਿਕ ਪੱਖ ‘ਚ ਗਿਆਨੀ ਭਗਤ ਸਿੰਘ ਤੋਂ ਬਾਅਦ ਸ੍ਰ: ਰਣਜੋਧ ਸਿੰਘ ਵਲੋਂ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਵਰਗੇ ਪੱਖ ਸਾਂਝੇ ਕੀਤੇ। ਸੰਤ ਬਲਜਿੰਦਰ ਸਿੰਘ ਮੁਖੀ ਸੰਪਰਦਾਇ ਰਾੜਾ ਸਾਹਿਬ ਨੇ ਬਾਬਾ ਗੁਰਮੁਖ ਸਿੰਘ ਜੀ ਦੀ ਪ੍ਰਵਾਰਕ ਫੁਲਵਾੜੀ ‘ਚ ਕਿਰਤ ਸੱਭਿਆਚਾਰ ਅਤੇ ਗੁਰਮਤਿ ਦੇ ਪੱਖਾਂ ਦੇ ਹਵਾਲੇ ਨਾਲ ਵਰਨਣ ਕਰਦਿਆਂ ਕਿਹਾ ਕਿ ਕਿਸੇ ਨੂੰ ਉਹੀ ਕੁਝ ਦੇ ਸਕਦਾ ਹੈ, ਜਿਸਦੇ ਕੋਲ ਕੁਝ ਹੁੰਦਾ ਹੈ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ।

ਉਨ੍ਹਾਂ ਨਿਭਾਈਆਂ ਜਾਂਦੀਆਂ ਸਮਾਜਕ ਸੇਵਾਵਾਂ ਦੇ ਨਾਲ ਨਾਲ ਧਾਰਮਿਕ ਸੇਵਾਵਾਂ ਤੇ ਤਸੱਲੀ ਪ੍ਰਗਟਾਈ। ਗਿਆਨੀ ਭਗਤ ਸਿੰਘ ਜੀ ਦੇ ਜਨਮ ਸ਼ਤਾਬਦੀ ਨੂੰ ਸਮਰਪਿਤ, ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਗਿਆਨੀ ਭਗਤ ਸਿੰਘ ਜੀ ਦੇ ਪਰਿਵਾਰ ਦੀਆਂ ਪੰਜ ਮਹਿਲਾਵਾਂ ਸਰਦਾਰਨੀ ਜਗਦੀਸ਼ ਕੌਰ, ਸਰਦਾਰਨੀ ਮਲਕੀਤ ਕੌਰ, ਸਰਦਾਰਨੀ ਬਲਵੰਤ ਕੌਰ, ਸਰਦਾਰਨੀ ਗੁਰਸ਼ਰਨ ਕੌਰ ਅਤੇ ਸਰਦਾਰਨੀ ਜਤਿੰਦਰ ਕੌਰ ਸਮੇਤ ਪੁੱਜੀਆਂ ਅਹਿਮ ਸ਼ਖਸ਼ੀਅਤਾਂ ਵਲੋਂ : ਰਣਜੋਧ ਸਿੰਘ ਦੁਆਰਾ ਰਚਿਤ ਪੁਸਤਕ “ਭਗਤ ਮਾਲਾ ਦੇ 84 ਮਣਕੇ ” ਨੂੰ ਰਿਲੀਜ਼ ਕੀਤਾ। ਸਮਾਗਮ ਦੌਰਾਨ ਸੰਤ ਗਿਆਨੀ ਹਰਭਜਨ ਸਿੰਘ ਜੀ ਢੁੱਡੀਕੇ, ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਐਮ.ਪੀ., ਪ੍ਰੋ. ਗੁਰਭਜਨ ਸਿੰਘ ਗਿੱਲ ,ਪ੍ਰੋ. ਰਣਜੀਤ ਸਿੰਘ ਯੂ.ਐਸ.ਏ., ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਗਿਆਨੀ ਭਗਤ ਸਿੰਘ ਜੀ ਦੇ ਜੀਵਨ ‘ਤੇ ਅਧਾਰਿਤ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ। ਇਸ ਮੌਕੇ ਕਾਲਜ ਦੀ ਸਲਾਨਾ ਮੈਗਜ਼ੀਨ “ਰੁੱਤ ਲੇਖਾ” ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ। ਸ: ਰਾਹੀ ਮਹਿੰਦਰ ਸਿੰਘ ਵਲੋਂ ਬਣਾਇਆ ਗਿਆਨੀ ਭਗਤ ਸਿੰਘ ਜੀ ਦਾ ਪੋਰਟਰੇਟ ਰਲੀਜ਼ ਕੀਤਾ। ਉਸ ਦੇ ਪੋਰਟਰੇਟ ਆਰਟਿਸਟ ਐਂਡ ਸਿੱਖ ਹਿਸਟਰੀ ਨੂੰ ਗਿਆਨੀ ਭਗਤ ਸਿੰਘ ਮੈਮੋਰੀਅਲ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸ: ਰਣਜੋਧ ਸਿੰਘ ਨੇ ਇਸ ਵਿਸ਼ੇਸ਼ ਅਵਸਰ ‘ਚ ਸਮੂਲੀਅਤ ਕਰਨ ਵਾਲਿਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਪੁਰਖਿਆਂ ਦੀਆਂ ਯਾਦਾਂ ਦੀਆਂ ਤੰਦਾਂ ਦਾ ਜਿਕਰ ਕਰਦਿਆਂ ਭਾਵੁਕ ਬੋਲਾਂ ‘ਚ ਅੱਜ ਦੇ ਸਮਾਗਮ ਨੂੰ ਮਿਲੀ ਸਿੱਖਿਆ ਅਤੇ ਸੰਸਕਾਰਾਂ ਤੇ ਅਧਾਰਿਤ” ਭਗਤ ਮਾਲਾ ਦੇ ਚੁਰਾਸੀ ਮਣਕੇ” ਪੁਸਤਕ ਉਹਨਾਂ ਨੂੰ ਸਮਰਪਿਤ ਕਰਦਿਆਂ ਆਸ ਪ੍ਰਗਟਾਈ ਕਿ ਇਹ ਬਹੁ- ਮੁੱਲੇ ਗਿਆਨ ਦੇ ਮੋਤੀ ਸਾਡੇ ਸਾਰਿਆਂ ਦਾ ਮਾਰਗ ਦਰਸ਼ਨ ਕਰਨਗੇ।
ਇਸ ਅਵਸਰ ‘ਤੇ ਕਾਲਜ ਵਿੱਚੋ ਸੇਵਾ ਮੁਕਤ ਹੋ ਚੁੱਕੇ ਆਧਿਆਪਕ ਸਾਹਿਬਾਨ , ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ, ਪੰਥਕ ਜਥੇਬੰਦੀਆਂ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ , ਉਦਯੋਗਿਕ ,ਰਾਜਨੀਤਿਕ, ਸਮਾਜਿਕ ਖੇਤਰ ਦੀਆਂ ਸਿਰਮੌਰ ਹਸਤੀਆਂ ਅਤੇ ਸਮੂਹ ਰਾਮਗੜ੍ਹੀਆ ਭਾਈਚਾਰਾ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਇਆ। ਅੰਤ ਵਿਚ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਨੂੰ “ਭਗਤ ਮਾਲਾ ਦੇ ਚੁਰਾਸੀ ਮਣਕੇ” ਪੁਸਤਕ ਭੇਟ ਕੀਤੀ ਗਈ।
