ਲੁਧਿਆਣਾ 15 ਮਾਰਚ ( ਪ੍ਰਿਤਪਾਲ ਸਿੰਘ ਪਾਲੀ )ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਸਿੱਖ “ਜਵੱਦੀ ਟਕਸਾਲ” ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਡੇ ਜੱਥੇ ਸਮੇਤ ਅੱਜ ਖਾਲਸਾਈ ਚੜ੍ਹਦੀ ਕਲਾ ਦੇ ਤਿਉਹਾਰ ਹੋਲਾ ਮਹੱਲਾ ਦੇ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਪਧਾਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ “ਹੋਲਾ ਮਹੱਲੇ” ਦੇ ਪਵਿੱਤਰ ਅਤੇ ਇਤਿਹਾਸਿਕ ਖਾਲਸਾਈ ਪੁਰਬ ਦੀਆਂ ਦੇਸ਼ ਕੌਮ ਪ੍ਰਤੀ ਬਹੁਤ ਮਹਾਨ ਬਖਸ਼ਿਸ਼ਾਂ ਹਨ। ਗੁਰੂ ਸਾਹਿਬਾਨਾਂ ਦੁਆਰਾ ਸਿਰਜੇ ਸੰਕਲਪ, ਸਿਧਾਂਤ, ਪਰੰਪਰਾਵਾਂ ਖਾਲਸਾਈ ਪੁਰਵ ਆਦਿ ਮਨੁੱਖਤਾ ਲਈ ਰੋਸ਼ਨ ਮਿਨਾਰ ਹਨ। ਇਹ ਮਨੁੱਖਤਾ ਅੰਦਰ ਰੂਹਾਨੀ ਖੇੜਾ ਅਤੇ ਸਰੀਰਕ ਮਾਨਸਿਕ ਨਿਰੋਗਤਾ ਪੈਦਾ ਕਰਦੇ ਹਨ। ਇਹ ਸੁਆਰਥੀ ਭਾਵਨਾ ਵਿੱਚ ਗ੍ਰਸਤ ਹੋਈਆਂ ਸੁੱਤਿਆਂ ਜਮੀਰਾਂ ਨੂੰ ਟੁੰਬ ਕੇ ਜਗਾਉਣ ਦੀ ਸਮਰੱਥਾ ਰੱਖਦੇ ਹਨ। ਇਹ ਭਾਰਤੀ ਪਰੰਪਰਾ ਦੀਆਂ ਬਾਸੀਆਂ ਤੇ ਨਿਰਾਰਥਕ ਰਹੁ ਰੀਤਾਂ ਨਾਲੋਂ ਖਾਲਸਾ ਪੰਥ ਨੂੰ ਨਿਖੇੜ ਕੇ, ਸਿੱਖ ਇੱਕ ਵੱਖਰੀ ਕੌਮ ਦੀ ਸ਼ਾਹਦੀ ਭਰਦੀਆਂ ਹਨ। ਬਾਬਾ ਜੀ ਨੇ ਕਿਹਾ ਕਿ ਹੋਲਾ ਮਹੱਲਾ ਦਾ ਖਾਲਸਾਈ ਪੁਰਬ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ ਯੁੱਧ ਅਭਿਆਸ ਵਜੋਂ ਸ਼ੁਰੂ ਕੀਤਾ, ਗੁਰੂ ਜੀ ਦਾ ਯੁੱਧ ਉਹਨਾਂ ਨਾਲ ਸੀ ਜਿਹੜੇ “ਪੰਥ ਪ੍ਰਚੂਰ ਕਰਬੇ” ਵਿੱਚ ਰੁਕਾਵਟ ਖੜੀਆਂ ਕਰਦੇ ਸਨ, ਜਿਹੜੇ ਇਸ ਜਗਤ ਅੰਦਰ ਕੁਬੁਧਿ ਕਰਮ ਕਰਦੇ ਸਨ, ਜਿਹੜੇ ਧਰਮੀ ਰਾਜ ਦੀ ਸਥਾਪਤੀ ਵਿੱਚ ਰੁਕਾਵਟ ਸਨ, ਜਿਹੜੇ ਦੁਸ਼ਟ ਦੁਖੀ ਗਰੀਬ ਲੋਕਾਈ ਨੂੰ ਤੰਗ ਕਰਦੇ ਸਨ। ਬਾਬਾ ਜੀ ਨੇ ਸਪੱਸ਼ਟ ਕੀਤਾ ਕਿ ਗੁਰੂ ਸਾਹਿਬ ਜੀ ਬਦੀ ਨੂੰ ਖਤਮ ਕਰਕੇ ਨੇਕੀ ਦਾ ਰਾਜ ਸਥਾਪਿਤ ਕਰਨ ਲਈ ਕਰਨਾ ਚਾਹੁੰਦੇ ਸਨ। ਉਨ੍ਹਾਂ ਜਿੱਥੇ ਮਨੁੱਖੀ ਆਤਮਿਕ ਵਿਗਾਸ ਲਈ ਬਾਣੀ ਦੀ ਰਚਨਾ ਕੀਤੀ ਤੇ ਖਾਲਸਾਈ ਪੰਥ ਸਾਜਿਆ ਖਾਲਸਾ ਪੰਥ ਸਾਜਿਆ, ਉੱਥੇ ਮੈਦਾਨੇ ਜੰਗ ਵਿੱਚ ਬਦੀ ਦਾ ਟਾਕਰਾ ਕਰਨ ਲਈ ਯੁੱਧ ਅਭਿਆਤ ਹਿਤ 1700 ਈਸਵੀ ਨੂੰ ਹੋਲਾ ਮਹੱਲਾ ਦੀ ਦਾ ਖਾਲਸਾਈ ਪੁਰਬ ਸ਼ੁਰੂ ਕਰਵਾਇਆ। ਅੱਜ ਅਸੀਂ ਜੱਥੇ ਸਮੇਤ ਗੁਰੂ ਸਾਹਿਬ ਦੀ ਚਲਾਈ ਪ੍ਰੰਪਰਾ ਚ ਸਮੂਲੀਅਤ ਕਰਨ ਆਏ ਹਾਂ।
