ਲੁਧਿਆਣਾ, 7 ਅਪ੍ਰੈਲ ( ਪ੍ਰਿਤਪਾਲ ਸਿੰਘ ਪਾਲੀ )ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ “ਨਾਮ ਰਸ ਸਿਮਰਨ ਸਮਾਗਮ” ਹੋਇਆ। ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਜੁੜੀਆਂ ਸੰਗਤਾਂ ਸਨਮੁੱਖ ਹਲੂਣਾ ਦਿੰਦੇ ਪ੍ਰਵਚਨਾ ਦੀ ਸਾਂਝ ਪਾਉਂਦਿਆਂ ਫਰਮਾਇਆ ਕਿ ਗੁਰਬਾਣੀ ਦੇ ਨਿਰਮਲ ਉਪਦੇਸ਼ ਨੂੰ ਸੁਣਨ, ਸਮਝਣ, ਮੰਨਣ ਤੇ ਅਪਣਾਉਣ ਵਾਲੇ ਗੁਰਸਿੱਖ ਵੀ ਹਨ। ਪਰ, ਉਹ ਬਹੁਤ ਹੀ ਵਿਰਲੇ ਹਨ। ਇਸ ਸੱਚਾਈ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਬਹੁਤੇ ਸਿੱਖ ਕਹਾਉਣ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤਵਿਕ ਨਿਰਮਲ ਉਪਦੇਸ਼ ਤੇ ਸੰਦੇਸ਼ ਨੂੰ ਇਸ ਦੇ ਸਹੀ ਸੱਚੇ ਰੂਪ ਵਿੱਚ ਸੁਣਿਆ, ਸਮਝਿਆ ਤੇ ਅਪਣਾਇਆ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਵਿੱਚ ਨਾ ਸਾਨੂੰ ਪੀੜੀ-ਦਰ-ਪੀੜੀ ਰਸਮੀ ਸਤਿਕਾਰ ਦਾ ਮਨੋਭਾਵ ਪ੍ਰਾਪਤ ਹੋ ਜਾਂਦਾ ਹੈ। ਪਰ ਇਸ ਅਦੁੱਤੀ ਗ੍ਰੰਥ ਦੇ ਰੂਹਾਨੀ ਨੈਤਿਕ ਅਤੇ ਮਾਨਵਤਾਵਾਦੀ ਫਲਸਫੇ ਨੂੰ ਜਾਨਣ ਤੇ ਪਛਾਨਣ ਦੇ ਹੁਨਰ ਤੇ ਜੁਗਤ ਤੋਂ ਅਸੀਂ ਬਹੁਤੇ ਸਿੱਖ ਕਹਾਉਣ ਵਾਲੇ ਅੱਜ ਵੀ ਕੋਹਾਂ ਦੂਰ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਅਸੀਂ ਇਸ ਗ੍ਰੰਥ ਪ੍ਰਤੀ ਆਪਣਾ ਸਮਰਪਣ ਪੂਰਾ ਹੋ ਗਿਆ ਸਮਝ ਲੈਂਦੇ ਹਾਂ ਫੇਰ ਇਸ ਤੋਂ ਰੂਹਾਨੀ ਦਾਤਾਂ ਅਤੇ ਨੈਤਿਕ ਉੱਚਤਾ ਤੇ ਸੁੱਚਤਾ ਵੀ ਅਸੀਂ ਘੱਟ ਹੀ ਮੰਗਦੇ ਹਾਂ। ਅਸੀਂ ਗੁਰੂ ਸਾਹਿਬ ਤੋਂ ਆਪਣੇ ਸੰਸਾਰਕ ਕਾਰਜਾਂ ਦੀ ਪੂਰਤੀ ਦੀ ਲੋਚਾ ਹੀ ਕਰਦੇ ਹਾਂ, ਸਾਨੂੰ ਉੱਕਾ ਹੀ ਵਿਸਰ ਜਾਂਦਾ ਹੈ ਕਿ ਲੋੜੋਂ ਵੱਧ ਪਦਾਰਥ ਤੇ ਮਾਇਆ ਤਾਂ ਦੁੱਖਾਂ ਦਾ ਮੂਲ ਹੈ। ਇਹ ਤਾਂ ਸਾਨੂੰ ਪਰਮਾਤਮਾ ਦੇ ਦਰ ਘਰ ਤੋਂ ਦੂਰ ਲਿਜਾਣ ਵਾਲੀ ਹੈ।
