ਜਵੱਦੀ ਟਕਸਾਲ ਵਿਖੇ ਖਾਲਸਾ ਸਾਜਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵੈਸਾਖ ਤਦ ਸੁਹਾਵਣਾ ਹੈ, ਜੇਕਰ ਗੁਰਬਾਣੀ ਸ਼ਬਦ ਹਿਰਦੇ ‘ਚ ਵਸ ਜਾਵੇ-ਸੰਤ ਅਮੀਰ ਸਿੰਘ

ਲੁਧਿਆਣਾ, 13 ਅਪ੍ਰੈਲ (  ਪ੍ਰਿਤਪਾਲ ਸਿੰਘ ਪਾਲੀ     )- ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ, ਗੁਰਬਾਣੀ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ “ਜਵੱਦੀ ਟਕਸਾਲ” ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ, ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਮਨਾਇਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਦੇ ਭੋਗ ਪਏ, ਉਪਰੰਤ ਗੁਰੂ ਸ਼ਬਦ ਦੀ ਕਥਾ, ਉਪਰੰਤ “ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ” ਦੇ ਹੋਣਹਾਰ ਵਿਿਦਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਉਪਰੰਤ ਡਾ ਨੀਚਰਨਜੀਤ ਕੌਰ ਜਵੱਦੀ ਟਕਸਾਲ ਦੇ ਪ੍ਰੋਫੈਸਰ ਸਾਹਿਬ ਨੇ ਕੀਰਤਨ ਦੀ ਹਾਜ਼ਰੀ ਲਵਾਈ, ਇਸ ਤੋਂ ਇਲਾਵਾ ਜਵੱਦੀ ਟਕਸਾਲ ਦੇ ਛੋਟੇ ਬੱਚਿਆਂ ਨੇ ਸੰਗਤਾਂ ਨੂੰ ਕਵਿਤਾਵਾਂ ਸੁਣਾਈਆਂ, । ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਮਤਿ ਤੇ ਪੰਜਾਬੀ ਸਾਹਿਤ ਦੀ ਪ੍ਰਥਮ ਤੇ ਪ੍ਰਮੁੱਖ ਰਚਨਾ “ਬਾਰਹ ਮਾਹ ਤੁਖਾਰੀ” ਦੀ ਪਉੜੀ ਦੇ ਹਵਾਲੇ ਨਾਲ ਪ੍ਰਭੂ ਤੋਂ ਵਿਛੜੇ ਜੀਵਾਂ ਨੂੰ ਪ੍ਰਭੂ-ਪਰਮਾਤਮਾ ਦਾ ਮਿਲਾਪ ਕਰਨ ਲਈ “ਸ਼ਬਦ” ਨੂੰ “ਸੁਰਤਿ” ਵਿੱਚ ਟਿਕਾਉਣ ਦੀਆਂ ਜੁਗਤਾਂ ਸਮਝਾਉਂਦਿਆ ਸਪੱਸ਼ਟ ਕੀਤਾ ਕਿ ਵੈਸਾਖ ਦਾ ਮਹੀਨਾ ਕੁਦਰਤ ਦੇ ਮੌਲਣ ਤੇ ਮੌਸਮ ਪਰਿਵਰਤਨ ਦਾ ਹੈ, ਕਿਉਂਕਿ ਇਸ ਮਹੀਨੇ ਕੁਦਰਤ ਨਵੀਂ ਪੋਸ਼ਾਕ ਪਹਿਨਦੀ ਹੈ, ਰੁੱਖਾਂ ਦੀਆਂ ਟਾਣੀਆਂ ਤੇ ਨਵੀਂ ਪੁੰਗਾਰ ਫੁੱਟਦੀ ਹੈ, ਜਿਸ ਦੀ ਹਰਿਆਵਲ ਮਨ ਨੂੰ ਮੋਹ ਲੈਂਦੀ ਹੈ। ਇਸ ਕਰਕੇ ਵੈਸਾਖ ਦਾ ਮਹੀਨਾ ਸੁਹਾਵਣਾ ਹੈ, ਭਲਾ ਹੈ। ਇਸੇ ਆਸ ‘ਚ ਪ੍ਰਭੂ ਤੋਂ ਵਿਛੜੀ ਜੀਵ ਆਤਮਾ ਵੀ ਮਿਲਾਪ ਦੀ ਤਾਂਘ ਵੱਸ, ਪ੍ਰਭੂ ਦਾ ਰਾਹ ਤੱਕਦੀ, ਪ੍ਰਭੂ ਚਰਨਾਂ। ‘ਚ ਬੇਨਤੀ ਕਰਦੀ ਹੈ, ਕਿ ਦਇਆ ਕਰੋ ਮੇਰੇ ਹਿਰਦੇ ‘ਚ ਵਸ ਜਾਵੋ। ਬਾਬਾ ਜੀ ਨੇ ਜ਼ੋਰ ਦਿੱਤਾ ਕਿ ਵੈਸਾਖ ਸੁਹਾਵਣਾ ਤਦ ਹੈ, ਜੇਕਰ ਗੁਰਬਾਣੀ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ ਅਤੇ ਜਿਸਦੇ ਅੰਤਰ ਕਰਨ ਵਿੱਚ ਸ਼ਬਦ ਦਾ ਵਾਸਾ ਹੋ ਗਿਆ ਉਸ ਲਈ ਪ੍ਰਕਿਰਤੀ ਦੀ ਸੁੰਦਰਤਾ ਪ੍ਰਭੂ-ਮਿਲਾਪ ਲਈ ਸਹਾਇਕ ਸਾਬਤ ਹੁੰਦੀ ਹੈ। ਬਾਬਾ ਜੀ ਨੇ  ਸਿੱਖ ਇਤਿਹਾਸ ‘ਚ ਵੈਸਾਖੀ ਦੇ ਮਹੱਤਵ, ਅਜੋਕੀ ਦਸ਼ਾ ਤੇ ਦਸ਼ਾ ਆਦਿ ਪੱਖਾਂ ਤੋਂ ਵੀ ਹਲੂਣੇ ਦਿੰਦੇ ਬੋਲਾਂ ਦੁਆਰਾ ਮੌਜੂਦਾ ਦੌਰ ‘ਚ ਕੌਮ ਸਨਮੁੱਖ ਮੁਸ਼ਕਲਾਂ ਅਤੇ ਭਵਿੱਖ ਦੀਆਂ ਚਣੌਤੀਆਂ ਤੋਂ ਸੁਚੇਤ ਕੀਤਾ। ਦਿਨ-ਭਰ ਸੰਗਤਾਂ ਦਾ ਗੁਰੂਘਰ ਨਤਮਸਤਕ ਹੋਣ ਲਈ ਰੁਝਾਨ ਬਣਿਆ ਰਿਹਾ। ਬਾਬਾ ਜੀ ਨੇ ਖਾਲਸਾ ਸਾਜਨਾ ਦਿਵਸ ਦੀਆਂ ਸਮੂੰਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਵੈਸਾਖੀ ਦੇ ਦਿਹਾੜੇ ਮੌਕੇ ਪੰਥ ਪ੍ਰਸਿੱਧ ਢਾਡੀ ਗਿ. ਕਮਲ ਸਿੰਘ ਬੱਦੋਵਾਲ ਜਥੇ ਨੇ ਇਤਿਹਾਸ ਅਤੇ ਢਾਢੀ ਵਾਰਾਂ ਗਾ ਕੇ ਸਰੋਤਿਆਂ ਚ ਜੋਸ਼ ਭਰਿਆ।ਖਾਲਸਾ ਸਾਜਨਾ ਦਿਵਸ ਮੌਕੇ ਜਵੱਦੀ ਟਕਸਾਲ ਵਿਖੇ ਵੱਡੀ ਪੱਧਰ ‘ਤੇ ਅੰਮ੍ਰਿਤ ਸੰਚਾਰ ਵੀ ਹੋਇਆ। ਵੈਸਾਖੀ ਦੀ ਖੁਸ਼ੀ ਦੇ ਮੱਦੇਨਜ਼ਰ ਢਾਢੀ ਮਹਾਂਪੁਰਸ਼ਾਂ ਵਲੋਂ ਉਚੇਚਾ ਪ੍ਰਬੰਧ ਕਰਕੇ ਲੰਗਰ ਵਿਚ ਵੱਖ ਵੱਖ ਪਕਵਾਨਾ ਵਰਤਾਏ ਗਏ।

Leave a Comment

Recent Post

ਨਹਿਰੀ ਜਲ ਸਪਲਾਈ ਪ੍ਰੋਜੈਕਟ: ਕੈਬਨਿਟ ਮੰਤਰੀ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਨੇ ਭਾਮੀਆਂ ਇਲਾਕੇ ਵਿੱਚ ਦੋ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ 47.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ* 

Live Cricket Update

You May Like This

ਨਹਿਰੀ ਜਲ ਸਪਲਾਈ ਪ੍ਰੋਜੈਕਟ: ਕੈਬਨਿਟ ਮੰਤਰੀ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਨੇ ਭਾਮੀਆਂ ਇਲਾਕੇ ਵਿੱਚ ਦੋ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ 47.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ*