ਵਿਧਾਇਕ ਗਰੇਵਾਲ, ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਮੁੱਖ ਡੰਪ ਸਾਈਟ ‘ਤੇ ਤਾਜ਼ੇ ਕੂੜੇ ਦੇ ਸ਼ੁਰੂ ਹੋਏ ਨਿਪਟਾਰੇ ਦੇ ਕੰਮ ਦਾ ਕੀਤਾ ਨਿਰੀਖਣ*

*19.62 ਲੱਖ ਮੀਟ੍ਰਿਕ ਟਨ ਵਿਰਾਸਤੀ/ਲੈਗੇਸੀ ਕੂੜੇ ਦਾ ਬਾਇਓਰੀਮੀਡੀਏਸ਼ਨ ਜਲਦੀ ਹੋਵੇਗਾ ਸ਼ੁਰੂ; ਠੇਕੇਦਾਰ ਦੁਆਰਾ ਲਗਾਈ ਜਾ ਰਹੀ ਹੈ ਮਸ਼ੀਨਰੀ*
*ਮੁੱਖ ਡੰਪ ਸਾਈਟ ‘ਤੇ ਕੂੜੇ ਦੇ ਢੇਰ ਜਲਦੀ ਹੀ ਖ਼ਤਮ ਹੋ ਜਾਣਗੇ – ਵਿਧਾਇਕ, ਮੇਅਰ*
ਲੁਧਿਆਣਾ, 16 ਅਪ੍ਰੈਲ:(ਪ੍ਰਿਤਪਾਲ ਸਿੰਘ ਪਾਲੀ)
ਨਗਰ ਨਿਗਮ ਵੱਲੋਂ ਤਾਜਪੁਰ ਰੋਡ ‘ਤੇ ਮੁੱਖ ਡੰਪ ਸਾਈਟ ‘ਤੇ ਤਾਜ਼ੇ ਕੂੜੇ ਦੇ ਨਿਪਟਾਰੇ ਲਈ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ, ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਬੁੱਧਵਾਰ ਨੂੰ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ।
ਨਗਰ ਨਿਗਮ ਨੇ ਹਾਲ ਹੀ ਵਿੱਚ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਲਗਭਗ 130 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਹਨ। ਮਸ਼ੀਨਰੀ ਲਗਾਉਣ ਤੋਂ ਬਾਅਦ, ਠੇਕੇਦਾਰ ਨੇ ਹੁਣ ਡੰਪ ਸਾਈਟ ‘ਤੇ ਤਾਜ਼ੇ ਕੂੜੇ ਦੇ ਨਿਪਟਾਰੇ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮੁੱਖ ਡੰਪ ਸਾਈਟ ‘ਤੇ ਲਗਭਗ 24.62 ਲੱਖ ਮੀਟ੍ਰਿਕ ਟਨ ਵਿਰਾਸਤੀ/ਲੈਗੇਸੀ ਕੂੜਾ ਹੋਣ ਦਾ ਅਨੁਮਾਨ ਸੀ। 5 ਲੱਖ ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਦਾ ਪ੍ਰੋਜੈਕਟ ਪਹਿਲਾਂ ਹੀ ਚੱਲ ਰਿਹਾ ਹੈ, ਜਦੋਂ ਕਿ ਬਾਕੀ ਰਹਿੰਦੇ ਲਗਭਗ 19.62 ਲੱਖ ਮੀਟ੍ਰਿਕ ਟਨ ਦਾ ਬਾਇਓਰੀਮੀਡੀਏਸ਼ਨ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਠੇਕੇਦਾਰ ਨੇ ਚਾਰ ਵਿੱਚੋਂ ਦੋ ਥਾਵਾਂ ‘ਤੇ ਮਸ਼ੀਨਰੀ ਪਹਿਲਾਂ ਹੀ ਲਗਾ ਦਿੱਤੀ ਹੈ ਅਤੇ ਕੰਮ ਨੂੰ ਤੇਜ਼ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੈਨਪੁਰ ਸਾਈਟ ‘ਤੇ 2 ਲੱਖ ਮੀਟ੍ਰਿਕ ਟਨ ਵਿਰਾਸਤੀ/ਲੈਗੇਸੀ ਕੂੜੇ ਦੇ ਬਾਇਓਰੀਮੀਡੀਏਸ਼ਨ ਦਾ ਪ੍ਰੋਜੈਕਟ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਕਾਰਜਕਾਰੀ ਇੰਜੀਨੀਅਰ ਪਰਸ਼ੋਤਮ ਸਿੰਘ, ਸੀ.ਐਸ.ਆਈ ਅਮੀਰ ਸਿੰਘ ਬਾਜਵਾ ਸਮੇਤ ਹੋਰ ਅਧਿਕਾਰੀ ਵੀ ਨਿਰੀਖਣ ਦੌਰਾਨ ਮੌਜੂਦ ਸਨ।
ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਕਾਰਨ, ਨਗਰ ਨਿਗਮ ਦੇ ਮੁੱਖ ਡੰਪ ਸਾਈਟ ‘ਤੇ ਕੂੜੇ ਦੇ ਢੇਰ, ਬਦਬੂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਧਾਇਕ ਗਰੇਵਾਲ ਅਤੇ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਟਿਕਾਊ ਵਿਕਾਸ ਲਈ ਵਚਨਬੱਧ ਹੈ। ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ, ਇਨ੍ਹਾਂ ਕੂੜੇ ਦੇ ਢੇਰਾਂ ਨੂੰ ਹਟਾਉਣ ਲਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਹੁਣ ਜ਼ਮੀਨੀ ਪੱਧਰ ‘ਤੇ ਤਬਦੀਲੀ ਦੇਖੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ 5 ਲੱਖ ਮੀਟ੍ਰਿਕ ਟਨ ਵਿਰਾਸਤੀ/ਲੈਗੇਸੀ ਕੂੜੇ ਦੇ ਨਿਪਟਾਰੇ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਬਾਕੀ ਰਹਿੰਦੇ ਲਗਭਗ 19.62 ਲੱਖ ਮੀਟ੍ਰਿਕ ਟਨ ਕੂੜੇ ਨੂੰ ਬਾਇਓਰੀਮੀਡੀਏਟ ਕਰਨ ਦਾ ਪ੍ਰੋਜੈਕਟ ਵੀ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਤੋਂ ਬਾਅਦ, ਮੁੱਖ ਡੰਪ ਸਾਈਟ ‘ਤੇ ਕੂੜੇ ਦੇ ਢੇਰ ਖ਼ਤਮ ਹੋ ਜਾਣਗੇ। ਸ਼ਹਿਰ ਵਿੱਚ ਪੈਦਾ ਹੋਣ ਵਾਲੇ ਤਾਜ਼ੇ ਕੂੜੇ ਦੇ ਨਿਪਟਾਰੇ ਲਈ ਪ੍ਰੋਜੈਕਟ ਵੀ ਹੁਣ ਸ਼ੁਰੂ ਹੋ ਗਿਆ ਹੈ। ਸ਼ਹਿਰ ਵਿੱਚ ਰੋਜ਼ਾਨਾ ਲਗਭਗ 1100 ਮੀਟ੍ਰਿਕ ਟਨ ਤਾਜ਼ਾ ਕੂੜਾ ਪੈਦਾ ਹੁੰਦਾ ਹੈ। ਇਹ ਪ੍ਰੋਜੈਕਟ ਇਹ ਯਕੀਨੀ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਕੂੜਾ ਡੰਪ ਸਾਈਟ ‘ਤੇ ਇਕੱਠਾ ਨਾ ਹੋਵੇ।
ਵਿਧਾਇਕ ਗਰੇਵਾਲ, ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਕਿਹਾ ਕਿ ਉਹ ਸ਼ਹਿਰ ਭਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰੋਜੈਕਟ ਨਿਰਧਾਰਤ ਸਮੇਂ ਦੇ ਅੰਦਰ ਪੂਰੇ ਹੋ ਜਾਣ।

Leave a Comment

Recent Post

Live Cricket Update

You May Like This

ਨਹਿਰੀ ਜਲ ਸਪਲਾਈ ਪ੍ਰੋਜੈਕਟ: ਕੈਬਨਿਟ ਮੰਤਰੀ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਨੇ ਭਾਮੀਆਂ ਇਲਾਕੇ ਵਿੱਚ ਦੋ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ 47.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ*