*ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਡਾ. ਅੰਬੇਡਕਰ ਭਵਨ ਲੁਧਿਆਣਾ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ*

*ਬਾਬਾ ਸਾਹਿਬ ਦੇ ਬੁੱਤ ਦੀ ਬੇਹੁਰਮਤੀ ਕਰਨ ਵਾਲੇ ਦੋਸ਼ੀਆਂ ਨੂੰ ਜਲਦੀ ਹੀ ਗਿ੍ਫਤਾਰ ਕਰ ਲਿਆ ਜਾਵੇਗਾ*

*ਸਾਡਾ ਮੁੱਖ ਉਦੇਸ਼ ਦਲਿਤ ਸਮਾਜ ਦੀਆਂ ਦੁੱਖ ਤਕਲੀਫਾਂ ਨੂੰ ਸੁਣਨਾ ਅਤੇ ਭਾਰਤੀ ਸੰਵਿਧਾਨ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ*
*ਸਾਡਾ ਮੁੱਖ ਕੰਮ ਬਾਬਾ ਸਾਹਿਬ ਦੀ ਅਪੀਲ “ਸ਼ਾਸਨ ਕਰਤਾ ਜਮਾਤ ਬਣੋ” ਨੂੰ ਪੂਰੇ ਪੰਜਾਬ ਦੇ ਦਲਿਤ ਭਾਈਚਾਰੇ ਤੱਕ ਲੈ ਕੇ ਜਾਣਾ ਹੈ*
ਲੁਧਿਆਣਾ, 10 ਜੂਨ ਪ੍ਰਿਤਪਾਲ ਸਿੰਘ ਪਾਲੀ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਵੱਲੋਂ ਮੰਗਲਵਾਰ ਨੂੰ ਡਾ. ਅੰਬੇਡਕਰ ਭਵਨ ਲੁਧਿਆਣਾ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਕੁੱਝ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉੱਚ ਅਧਿਕਾਰੀਆਂ ਨੂੰ ਸਮਾਂਬੱਧ ਰਹਿ ਕੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਆਦੇਸ਼ ਦਿੱਤੇ ਗਏ।
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਸ਼ਿਕਾਇਤਕਰਤਾ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਪੁਲਿਸ ਦੇ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਸਾਰੀਆਂ ਸ਼ਿਕਾਇਤਾਂ ਦੀ ਚੰਗੀ ਤਰ੍ਹਾਂ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਉਪਰੰਤ ਜਲਦ ਹੀ ਇਸ ਸਬੰਧੀ ਰਿਪੋਰਟ ਐਸ.ਸੀ ਕਮਿਸ਼ਨ ਨੂੰ ਭੇਜਣ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਅਕਤੀ ਨਾਲ ਕੋਈ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜਲਦ ਹੀ ਉਨ੍ਹਾਂ ਦੀ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਬਣਦਾ ਇਨਸਾਫ ਦਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਜ਼ਿਥੇ ਪਹਿਲਾਂ ਆਈਆਂ ਸ਼ਿਕਾਇਤਾ ਬਾਰੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਉਥੇ ਹੀ ਅੱਜ ਉਨ੍ਹਾਂ ਜ਼ਿਲ੍ਹੇ ਦੇ ਹੋਰ ਵਿਅਕਤੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਦਰਖਾਸਤਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਹੀ ਉਨ੍ਹਾਂ ਦੀਆਂ ਸ਼ਿਕਾਇਤਾ ਤੇ ਵੀ ਜਾਂਚ ਪੜਤਾਲ ਕਰ ਕੇ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦਾ ਇਹ ਦੂਜਾ ਦੌਰਾ ਹੈ ਇਸ ਤੋਂ ਪਹਿਲਾਂ ਫਿਲੌਰ ਦੇ ਪਿੰਡ ਨੰਗਲ ਜਿਥੇ 31 ਮਾਰਚ ਅਤੇ 2 ਜੂਨ 2025 ਨੂੰ ਬਾਬਾ ਸਾਹਿਬ ਦੇ ਬੁੱਤ ਦੀ ਬੇਹੁਰਮਤੀ ਹੋਈ ਹੈ ਉੱਥੇ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਕਾਇਦਾ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੈਂ ਲੁਧਿਆਣਾ ਦੇ ਬਾਬਾ ਅੰਬੇਡਕਰ ਭਵਨ ਵਿੱਚ ਬੈਠ ਕੇ ਸਮੁੱਚੇ ਪੰਜਾਬੀਆਂ ਅਤੇ ਦਲਿਤ ਸਮਾਜ ਨੂੰ ਇਹ ਭਰੋਸਾ ਦਿਵਾਉਦਾ ਹਾਂ ਕਿ ਆਉਣ ਵਾਲੇ ਦੋ-ਚਾਰ ਦਿਨਾਂ ਵਿੱਚ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਜਿਸ ਤਰ੍ਹਾਂ 31 ਮਾਰਚ ਨੂੰ ਬੁੱਤ ਦੀ ਬੇਹੁਰਮਤੀ ਕਰਨ ਵਾਲਿਆਂ ਨੂੰ 24 ਘੰਟੇ ਵਿੱਚ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਸ ਵਾਰ ਦੋਸ਼ੀ ਬਹੁਤ ਹੀ ਸਕੀਮ ਨਾਲ ਆਏ ਸਨ। ਸੀ.ਸੀ.ਟੀ.ਵੀ ਕੈਮਰਿਆਂ ਵਿੱਚ 100-100 ਕਿਲੋਮੀਟਰ ਤੱਕ ਦੋਸ਼ੀਆਂ ਨੂੰ ਦੇਖਿਆ ਗਿਆ ਜਿਸ ਕਰਕੇ ਬਹੁਤ ਹੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਚੇਅਰਮੈਨ ਗੜ੍ਹੀ ਨੇ ਕਿਹਾ ਕਿ ਲੁਧਿਆਣਾ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਅੰਬੇਡਕਰ ਦੇ ਨਾਮ ‘ਤੇ ਇਹ ਭਵਨ ਬਣਿਆ ਹੈ। ਸਾਡੇ ਲਈ ਉਹ ਰਹਿਬਰ ਹਨ। ਅਨੁਸੂਚਿਤ ਜਾਤੀ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿੱਚ ਹੈ। ਲੱਗਭਗ 35 ਪ੍ਰਤੀਸ਼ਤ ਆਬਾਦੀ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਹੈ। ਇੰਨੀ ਵੱਡੀ ਆਬਾਦੀ ਪੰਜਾਬ ਸਰਕਾਰ ਦੀ ਧੰਨਵਾਦੀ ਹੈ ਕਿ ਉਨ੍ਹਾਂ ਨੇ ਅਨੁਸੂਚਿਤ ਜਾਤੀ ਕਮਿਸ਼ਨ ਵਿੱਚ ਮੇਰੇ ਵਰਗੇ ਬੰਦੇ ਨੂੰ ਨਿਯੁਕਤ ਕਰਕੇ ਇਸ ਦੀ ਜ਼ਿਮੇਵਾਰੀ ਦਿੱਤੀ ਹੈ। ਅਸੀਂ ਪੰਜਾਬ ਦੇ ਸਮੁੱਚੇ ਦਲਿਤ ਸਮਾਜ ਦੀਆਂ ਦੁੱਖ ਤਕਲੀਫਾਂ ਨੂੰ ਸੁਣ ਰਹੇ ਹਾਂ ਅਤੇ ਭਾਰਤੀ ਸੰਵਿਧਾਨ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਬੁਲਾਈਆਂ ਗਈਆਂ ਹਨ ਜਿਨ੍ਹਾਂ ਨਾਲ ਮੈਂ ਬਕਾਇਦਾ ਲੰਬੀ ਗੱਲਬਾਤ ਕਰਕੇ ਬਾਬਾ ਅੰਬੇਡਕਰ ਸਾਹਿਬ ਦੀ ਸੋਚ ਨੂੰ ਅਤੇ ਸੰਵਿਧਾਨ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਸ ਲਈ ਵੱਡੀ ਲਾਮਬੰਦੀ ਕਰਨੀ ਹੈ। ਇਹ ਸਮਾਜਿਕ ਜਥੇਬੰਦੀਆਂ ਮੋਤੀਆਂ ਦੀ ਤਰ੍ਹਾਂ ਹਨ ਅਤੇ ਮੈਂ ਧਾਗਾ ਬਣ ਕੇ ਇਹਨਾਂ ਸਾਰੇ ਮੋਤੀਆਂ ਨੂੰ ਇੱਕਠਾ ਕਰਨ ਲਈ ਲੱਗਾ ਹੋਇਆ ਹਾਂ। ਇਸੇ ਲੜੀ ਦੇ ਤਹਿਤ ਅੱਜ ਵੱਖ-ਵੱਖ ਵਿਭਾਗਾਂ ਤੋਂ ਵੱਖ-ਵੱਖ ਕਿਸਮ ਦੀਆਂ ਸ਼ਿਕਾਇਤਾਂ ਕਮਿਸ਼ਨ ਦੇ ਦਫ਼ਤਰ ਵਿੱਚ ਆਈਆਂ ਹਨ। ਉਨ੍ਹਾਂ ਨੂੰ ਸੁਣਕੇ ਕੁਝ ‘ਤੇ ਮੌਕੇ ‘ਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕੁਝ ਕੁ ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ। ਸਮੁੱਚੇ ਭਾਈਚਾਰੇ ਨੂੰ ਅਪੀਲ ਹੈ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਸ਼ਾਸਨ ਕਰਤਾ ਜਮਾਤ ਬਣੋ। ਇਸ ਕਰਕੇ ਇਹ ਅਪੀਲ ਪੂਰੇ ਪੰਜਾਬ ਵਿੱਚ ਲੈ ਕੇ ਜਾਂ ਰਹੇ ਹਾਂ।
ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਅਭਿਸ਼ੇਕ ਸ਼ਰਮਾ, ਪੁਲਿਸ ਕਮਿਸ਼ਨਰ ਦਫ਼ਤਰ ਤੋਂ ਏ.ਸੀ.ਪੀ ਮੁਰਾਦ ਜਸਵੀਰ ਸਿੰਘ ਗਿੱਲ, ਸਹਾਇਕ ਸਿਵਲ ਸਰਜਨ ਡਾ. ਵਿਵੇਕ ਕੁਮਾਰ, ਜ਼ਿਲ੍ਹਾ ਭਲਾਈ ਅਫਸਰ ਰਣਬੀਰ ਸਿੰਘ, ਬੀ.ਡੀ.ਪੀ.ਓ ਖੰਨਾ ਗੁਰਪ੍ਰੀਤ ਸਿੰਘ, ਨਗਰ ਨਿਗਮ ਤੋਂ ਏ.ਟੀ.ਪੀ ਗੁਰਵਿੰਦਰ ਪਾਲ ਸਿੰਘ, ਅਨੁਸੂਚਿਤ ਜਾਤੀਆਂ ਭੋਂ ਵਿਕਾਸ ਵਿੱਤ ਤੇ ਕਾਰਪੋਰੇਸ਼ਨ ਲੁਧਿਆਣਾ ਸੰਦੀਪ ਕੁਮਾਰ ਅਤੇ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।

Leave a Comment

Recent Post

ਅਸੀਂ ਨਾਮ ਸਿਮਰਨ ਦਾ ਮਾਰਗ ਛੱਡ ਕੇ ਕਰਮਕਾਂਡੀ ਮਾਰਗ ਅਪਣਾ ਰਹੇ ਹਾਂ – ਸੰਤ ਬਾਬਾ ਅਮੀਰ ਸਿੰਘ ਸੰਗਤਾਂ ਨੂੰ 18 ਨਵੰਬਰ, ਤੀਜਾ ਸ਼ਹੀਦੀ ਸ਼ਤਾਬਦੀ ਸੈਮੀਨਾਰ ‘ਚ  ਸਮੂਲੀਅਤ ਕਰਨ ਦੀ ਕੀਤੀ ਅਪੀਲਦੀ ਟਕਸਾਲ” ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ

Live Cricket Update

You May Like This

ਅਸੀਂ ਨਾਮ ਸਿਮਰਨ ਦਾ ਮਾਰਗ ਛੱਡ ਕੇ ਕਰਮਕਾਂਡੀ ਮਾਰਗ ਅਪਣਾ ਰਹੇ ਹਾਂ – ਸੰਤ ਬਾਬਾ ਅਮੀਰ ਸਿੰਘ ਸੰਗਤਾਂ ਨੂੰ 18 ਨਵੰਬਰ, ਤੀਜਾ ਸ਼ਹੀਦੀ ਸ਼ਤਾਬਦੀ ਸੈਮੀਨਾਰ ‘ਚ  ਸਮੂਲੀਅਤ ਕਰਨ ਦੀ ਕੀਤੀ ਅਪੀਲਦੀ ਟਕਸਾਲ” ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ