ਲੁਧਿਆਣਾ,25 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )- ਲੰਘੀ 20 ਦਸੰਬਰ ਤੋਂ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਉਸ ਵੇਲੇ ਦੇ ਸਮੂੰਹ ਸਿੰਘਾਂ ਸਿੰਘਣੀਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸਿਮਰਨ ਸਮਾਗਮ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਵਿੱਚ ਆਇਆ। ਸਜੇ ਸਮਾਗਮ ‘ਚ ਸੰਤ ਬਾਬਾ ਅਮੀਰ ਸਿੰਘ ਜੀ ਜੁੜੀਆਂ ਸੰਗਤਾਂ ਨੂੰ ਨਾਮ ਸਿਮਰਨ ਕਰਵਾਉਂਦੇ ਹਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦੇ ਹਨ। ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਫ਼ੁਰਮਾਇਆ ਕਿ ਲੋਕ ਜੀਵਨ ਵਿੱਚ ਆ ਚੁੱਕੇ ਨਿਘਾਰ ਨੂੰ ਦੂਰ ਕਰਨ ਦਾ ਬਹੁਤ ਹੀ ਵੱਡਾ ਤੇ ਔਖਾ ਕਾਰਜ ਹੁੰਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕਾਰਜ ਆਰੰਭਿਆ ਅਤੇ ਅਨੁਭਵ ਕੀਤਾ ਕਿ ਇਸਨੂੰ ਨਿਰੰਤਰ ਚਲਾਉਣ ਲਈ ਅਕਾਲ ਪੁਰਖ ਦੇ ਹੁਕਮ ਤੇ ਇੱਛਾ ਦੇ ਅਨਰੂਪ ਆਪਣੇ ਆਗਿਆਕਾਰੀ, ਯੋਗ ਤੇ ਸਿਦਕੀ ਸਿੱਖ ਸੇਵਕ ਭਾਈ ਲਹਿਣਾ ਜੀ ਨੂੰ ਦੂਸਰੇ ਸਿੱਖ ਗੁਰੂ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਸਥਾਪਿਤ ਕਰਦਿਆਂ ਸਿੱਖੀ ਲਹਿਰ ਨੂੰ ਅੱਗੇ ਤੋਰਿਆ। ਕੁਲ ਦਸ ਸਿੱਖ ਗੁਰੂ ਸਾਹਿਬਾਨਾਂ ਨੇ ਆਪਣੇ ਆਪਣੇ ਗੁਰੂ ਕਾਲ ਦੌਰਾਨ ਲੋਕ ਜੀਵਨ ਨੂੰ ਖਾਸ ਤੌਰ ਤੇ ਨਿਖਾਰਿਆ ਅਤੇ ਸਵਾਰਿਆ। ਉਨ੍ਹਾਂ ਗੁਰਬਾਣੀ ਸ਼ਬਦ ਅਤੇ ਇਤਿਹਾਸਕ ਹਵਾਲਿਆਂ ਨਾਲ ਸਮਝਾਇਆ ਕਿ ਸਿੱਖ ਲਹਿਰ ਦਾ ਅਸਲ ਉਦੇਸ਼ ਜਗਤ ਸੁਧਾਰ ਹੀ ਰਿਹਾ ਹੈ। ਸਿੱਖ ਗੁਰੂ ਸਾਹਿਬਾਨਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਨਾ ਕੇਵਲ ਸਿੱਖਾਂ ਨੂੰ ਸਦੀਵੀ ਗੁਰੂ ਦੇ ਲੜ ਲਾਇਆ, ਸਗੋਂ ਸਾਰੇ ਮਨੁੱਖਤਾ ਦੇ ਕਲਿਆਣ ਦੀ ਵੀ ਸੁਵਿਵਸਥਾ ਕੀਤੀ। ਬਾਬਾ ਜੀ ਨੇ ਜੋਰ ਦਿੰਦਿਆਂ ਸਮਝਾਇਆ ਕਿ ਸੰਸਾਰ ਦੀ ਕੋਈ ਅਜਿਹੀ ਸਮੱਸਿਆ ਨਹੀਂ ਜਿਸ ਦਾ ਹੱਲ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨਾ ਮਿਲਦਾ ਹੋਵੇ। ਲੋੜ ਸਿਰਫ ਤੇ ਸਿਰਫ ਸਾਡੇ ਸਮਰਪਣ ਸਾਡੇ ਇਸ ਉੱਪਰ ਅਡਿੱਗ ਭਰੋਸੇ ਤੇ ਸਾਡੀ ਸੱਚੀ ਤੇ ਨਿਰਮਲ ਸ਼ਰਧਾ-ਭਾਵਨਾ ਨੂੰ ਕਾਇਮ ਰੱਖਣ ਦੀ ਹੈ। ਦੱਸਣਯੋਗ ਹੈ ਕਿ ਜਵੱਦੀ ਟਕਸਾਲ ਵਿਖੇ 20ਦਸੰਬਰ ਤੋਂ ਰੋਜ਼ਾਨਾਂ ਸ਼ਾਮ 7: 00 ਵਜੇ8:15 ਤੋਂ ਵਜੇ ਤੱਕ ਮਹਾਨ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ ਸਜਦੇ ਹਨ। ਮਹਾਂਪੁਰਸ਼ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦੇ ਹਨ। ਦਫਤਰ ਜਵੱਦੀ ਟਕਸਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ‘ਚ 27 ਦਸੰਬਰ ਅਤੇ ਸ਼ਹੀਦੀ ਦਿਹਾੜਾ ਦੇ ਸਬੰਧ ਚ 28 ਦਸੰਬਰ ਨੂੰ ਗੁਰਮਤਿ ਸਮਾਗਮ ਹੋਣਗੇ।







