ਲੁਧਿਆਣਾ, 28 ਦਸੰਬਰ (ਪ੍ਰਿਤਪਾਲ ਸਿੰਘ ਪਾਲੀ ਅੱਜ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਫਤਾਵਰੀ ਸਮਾਗਮ ਕਰਵਾਇਆ ਗਿਆ। ਜਿਸ ਦੀ ਆਰੰਭਤਾ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਿਦਆਰਥੀਆਂ ਵੱਲੋਂ ਸ਼ਬਦ ਗਿਆਨ ਨਾਲ ਹੋਈ। ਉਪਰੰਤ ਸੰਤ ਗਿਆਨੀ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸਿਮਰਨ ਕਰਵਾਇਆ ਅਤੇ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ “ਧਰਮ ਅਤੇ ਅਡੋਲਤਾ” ਵਿਸ਼ੇ ਤੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਹਵਾਲਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਪਸ਼ਟ ਕੀਤਾ ਕਿ ਸਧਾਰਨ ਮਨੁੱਖ ਨੂੰ ਅਸੰਭਵ ਪ੍ਰਤੀਕ ਹੋਣ ਵਾਲੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀਆਂ ਜੜਾਂ ਉਨ੍ਹਾਂ ਦੇ ਬਚਪਨ ਦੀ ਸੁਚੱਜੀ ਸਿਖਲਾਈ ਅਤੇ ਅਨੁਕੂਲ ਪਰਿਵਾਰਕ ਵਾਤਾਵਰਨ ਦੀ ਜਰਖੇਜ ਮਿੱਟੀ ਵਿੱਚ ਲੱਗੀਆਂ ਹੋਈਆਂ ਸਨ। ਬਾਬਾ ਜੀ ਨੇ ਬੱਚਿਆਂ ਸਨਮੁੱਖ ਅਜੋਕੀਆਂ ਸਮੱਸਿਆਵਾਂ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਬੱਚਿਆਂ ਦੇ ਪਤਿਤਪੁਣੇ ਅਤੇ ਬੁਰੀ ਸੰਗਤ ‘ਚ ਪੈ ਜਾਣ ਦਾ ਰੁਝਾਨ ਹੋਵੇ ਭਾਵੇਂ ਨਸ਼ਿਆਂ ਤੋਂ ਬਚਾਉਣ ਦਾ ਹੋਵੇ, ਮਨੁੱਖ ਦੇ ਸ਼ਖਸੀ ਵਿਕਾਸ ਉੱਤੇ ਉਸਦੇ ਘਰੇਲੂ ਵਾਤਾਵਰਨ ਦਾ ਡੂੰਘਾ ਅਸਰ ਪੈਂਦਾ ਹੈ। ਇਸ ਲਈ ਮੌਜੂਦਾ ਵਕਤ ਦੇ ਹਾਲਾਤਾਂ ਨੂੰ ਸਮਝਦਿਆਂ ਆਪਣੇ ਘਰਾਂ ‘ਚ ਅਨਕੂਲ ਵਾਤਾਵਰਨ ਸਿਰਜ ਕੇ ਬੱਚਿਆਂ ਨੂੰ ਬਚਪਨ ਤੋਂ ਹੀ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਲਈ ਖੁਦ ਕਾਰਜਸ਼ੀਲ ਹੋਣਾ ਪਵੇਗਾ। ਬਾਬਾ ਜੀ ਨੇ ਉਦਾਹਰਣਾ ਦਿੰਦਿਆ ਸਮਝਾਇਆ ਕਿ ਸਮੱਸਿਆ ਨੂੰ ਨਜਿਠਣ ਲਈ ਘੋਖ ਪੜਤਾਲ ਕਰਨ ਦੀ ਲੋੜ ਹੈ, ਕਿ ਖਾਮੀ ਕਿੱਥੇ ਹੈ। ਸਾਰਾ ਦੋਸ਼ ਬੱਚਿਆਂ ਸਿਰ ਮੜ ਦੇਣਾ ਵੀ ਠੀਕ ਨਹੀਂ।







