ਅਨਿਨ ਸਿੱਖ ਸ਼ਰਧਾਲੂ, ਭਗਤੀ ਤੇ ਸ਼ਕਤੀ ਦੀ ਪ੍ਰਤੱਖ ਮੂਰਤ, ਸੂਰਬੀਰ ਯੋਧੇ, ਨਿਧੜਕ ਜਰਨੈਲ, ਕਥਨੀ ਤੇ ਕਰਨੀ ਦੇ ਪੂਰੇ, ਬ੍ਰਹਮ ਗਿਆਨੀ, ਬਚਨਾਂ ਦੇ ਪੂਰੇ ਇਜੱਤ ਦੇ ਰਖਵਾਲੇ, ਪਰਪੱਕ ਨਿਤਨੇਮੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ‘ਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਜੇ ਸਮਾਗਮ ਵਿੱਚ ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ‘ਚ ਜੁੜੀਆਂ ਸੰਗਤਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਗੁਰੂ ਪ੍ਰਤੀ ਦ੍ਰਿੜਤਾ ਵਿਖੇ ‘ਤੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਨ੍ਹਾਂ ਸੋਲ੍ਹਾਂ ਸਾਲ ਦੀ ਉਮਰ ਵਿੱਚ ਆਪਣੇ ਮਾਤਾ ਪਿਤਾ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦੀ ਪਾਹੁਲ ਛਕੀ। ਤਲਵੰਡੀ ਸਾਬੋ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਨਰ ਸੰਪਾਦਨ ਵਾਲੇ ਦਸਮ ਪਾਤਸ਼ਾਹ ਜੀ ਦੇ ਹੁਕਮ ਨਾਲ ਆਪ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਲਿਖਾਰੀ ਵਜੋਂ ਸੇਵਾ ਨਿਭਾਈ। ਪ ਜੀ ਨੇ ਚਾਰ ਸਰੂਪ ਪੰਜਾਬੀ ਤੇ ਇਕ ਸਰੂਪ ਅਰਬੀ ਵਿਚ ਲਿਖਣ ਦੀ ਸੇਵਾ ਨਿਭਾਈ। ਆਪ ਜੀ ਦੁਆਰਾ ਵਲੋਂ ਕੀਤੀ ਸੇਵਾ ਵਾਲੇ ਸਰੂਪ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਸ਼ਸ਼ੋਬਿਤ ਹਨ।ਆਪ ਜੀ ਕਲਮ ਅਤੇ ਕਿਰਪਾਨ ਦੇ ਧਨੀ ਸਨ। ਮਿਸਲਾਂ ਦੀ ਸਥਾਪਨਾ ਵੇਲੇ ਅਉ ਜੀ ਮਿਸਲ ਸ਼ਹੀਦਾਂ ਦੇ ਮੁਖੀ ਬਣੇ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਸਰਹਿੰਦ ਅਤੇ ਸੰਢੋਰਾ ਨੂੰ ਮੁਗਲਾਂ ਦੇ ਅੱਤਿਆਚਾਰ ਤੋਂ ਮੁੱਕਤ ਕਰਵਾਇਆ।ਅਹਿਮਦ ਸ਼ਾਹ ਅਬਦਾਲੀ ਨੇ ਜਦ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਚੜ੍ਹਾਈ ਕੀਤੀ ਤਾਂ ਉਸਦਾ ਜਬਾਬ ਦੇਣ ਲਈ ਬਾਬਾ ਜੀ ਤਲਵੰਡੀ ਸਾਬੋ ਦੇ ਸਥਾਨ ਤੋਂ ਹਜ਼ਾਰਾਂ ਸਿੱਖਾਂ ਦੀ ਅਗਵਾਈ ਕਰਦਿਆਂ ਹੋਏ ਸ਼੍ਰੀ ਹਰਿਮੰਦਰ ਸਾਹਿਬ ਵੱਲ ਰਵਾਨਾ ਹੋਏ।ਬਾਬਾ ਜੀ ਉਸ ਯੁੱਧ ਵਿੱਚ ਸਿਸ ਤਲੀ ਤੇ ਰੱਖ ਕੇ ਜੁਝੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਾਣ-ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਪ੍ਰਕਰਮਾ ਵਿੱਚ ਸੀਸ ਭੇਟ ਕੀਤਾ। ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਕਿਹਾ ਕਿ ਕੌਮ ਸਨਮੁਖ ਅਜੋਕੀਆਂ ਮੁਸ਼ਕਲਾਂ ਤੇ ਚਣੌਤੀਆਂ ਦੇ ਮੱਦੇਨਜ਼ਰ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਧਰਮ ਪ੍ਰਤੀ ਦ੍ਰਿੜਤਾ ਦੀ ਪ੍ਰੇਰਨਾ ਲੈਣ ਦੀ ਲੋੜ ਹੈ।