*ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਆਰੰਭੇ ਕਾਰਜਾਂ ਦੀ ਕੀਤੀ ਸ਼ਲਾਂਘਾ*
*ਆਰਜੀ ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਨੂੰ ਲੈ ਕੇ ਆਰੰਭੇ ਕਾਰਜ ਮੁਕੰਮਲ; ਬਿਜਲੀ ਕਨੈਕਸ਼ਨ ਅਤੇ ਪੈਨਲ ਲੱਗਣੇ ਬਾਕੀ : ਸੰਤ ਸੀਚੇਵਾਲ*
ਲੁਧਿਆਣਾ 10 ਜਨਵਰੀ:(ਪ੍ਰਿਤਪਾਲ ਸਿੰਘ ਪਾਲੀ)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਗੁਰਦੁਆਰਾ ਗਊਘਾਟ ਦੇ ਕਰੀਬ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਮੁੜ ਤੋਂ ਪਵਿੱਤਰ ਕਰਨ ਲਈ ਸ਼ੁਰੂ ਕੀਤੇ ਕਾਰਜਾਂ ਨੂੰ ਦੇਖਣ ਲਈ ਲੁਧਿਆਣੇ ਪਹੁੰਚੇ। ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੀ ਮੌਜੂਦ ਸਨ।
ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਥੇ ਸੰਤ ਸੀਚੇਵਾਲ ਵੱਲੋਂ ਪੰਪਿੰਗ ਸਟੇਸ਼ਨ ਦੇ ਬਦਲਵੇ ਪ੍ਰਬੰਧਾਂ ਨੂੰ ਲੈ ਕੇ ਆਰੰਭ ਕੀਤੇ ਕਾਰਜਾਂ ਨੂੰ ਦੇਖਿਆ ਅਤੇ ਕਾਰਸੇਵਕਾ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਹਨਾਂ ਦਾ ਵੱਡਾ ਉਦਮ ਹੈ ਕਿ ਉਹ ਕੜਾਕੇ ਦੀ ਠੰਡ ਵਿੱਚ ਵੀ ਦਿਨ ਰਾਤ ਇਸ ਬੁੱਢੇ ਦਰਿਆ ਨੂੰ ਮੁੜ ਤੋਂ ਪਵਿੱਤਰ ਬਣਾਉਣ ਲਈ ਲੱਗੇ ਹੋਏ ਹਨ।
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਬੁੱਢੇ ਦਰਿਆ ਤੇ ਪਹੁੰਚਣ ਤੇ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੱਸਿਆ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਦੀ ਕੀਤੀ ਗਈ ਕਾਰਸੇਵਾ ਦੇ ਤਰਜ ਤੇ ਕੀਤੇ ਜਾ ਰਹੇ ਹਨ। ਸੇਵਾਦਾਰਾਂ ਵੱਲੋਂ ਦਿਨ ਰਾਤ ਇੱਕ ਕਰਕੇ ਢਾਈ ਸਾਲਾਂ ਤੋਂ ਬੁੱਢੇ ਦਰਿਆ ਨੂੰ ਪਲੀਤ ਕਰ ਰਹੇ ਸ਼ਹਿਰ ਦੇ ਗੰਦੇ ਪਾਣੀ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ 31 ਦਸੰਬਰ ਤੋਂ ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਨੂੰ ਲੈ ਕੇ ਜੋ ਕਾਰਜ ਆਰੰਭੇ ਗਏ ਸੀ ਉਹ ਮੁਕੰਮਲ ਹੋ ਗਏ ਹਨ। ਉਹਨਾਂ ਕਿਹਾ ਕਿ ਸ਼ਹਿਰ ਦੇ ਇਸ ਗੰਦੇ ਪਾਣੀ ਦੇ ਬੰਦ ਹੋਣ ਨਾਲ ਬੁੱਢੇ ਦਰਿਆ ਨੂੰ ਵੱਡੀ ਰਾਹਤ ਮਿਲੇਗੀ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਇਹ ਪਲੀਤ ਬੁੱਢਾ ਦਰਿਆ ਮੁੜ ਤੋਂ ਸਾਫ ਸੁਥਰਾ ਵਹੇ। ਜਿਸ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਹਨਾਂ ਸੰਤ ਸੀਚੇਵਾਲ ਨੂੰ ਭਰੋਸਾ ਦਿੱਤਾ ਕਿ ਇਸ ਕਾਰਜ ਲਈ ਉਹਨਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਸ ਕਾਰਜ ਲਈ ਸੰਤ ਸੀਚੇਵਾਲ ਦਾ ਹਰ ਤਰੀਕੇ ਨਾਲ ਸਹਿਯੋਗ ਕੀਤਾ ਜਾਵੇ ਤੇ ਪੰਪਿੰਗ ਸਟੇਸ਼ਨ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਜੋ ਬਿਜਲੀ ਕਨੈਕਸ਼ਨ ਅਤੇ ਪੈਨਲ ਦਿੱਤਾ ਜਾਣਾ ਹੈ ਉਸ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ। ਉਨ੍ਹਾਂ ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨਾਲ ਵੀ ਫ਼ੋਨ ‘ਤੇ ਗੱਲਬਾਤ ਕੀਤੀ ਅਤੇ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪਹਿਲਾਂ ਵੀ ਸੰਤ ਸੀਚੇਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਵੇਈਂ ਨੂੰ ਮੁੜ ਸੁਰਜੀਤ ਕਰਕੇ ਦੇਸ਼ ਅੱਗੇ ਇੱਕ ਵੱਡੀ ਮਿਸਾਲ ਰੱਖ ਚੁੱਕੇ ਹਨ।