*ਵਿਸਾਖੀ ਦੀਆਂ ਤਿਆਰੀਆਂ ਜ਼ੋਰਾਂ ‘ਤੇ*
*ਲੁਧਿਆਣਾ,11 ਅਪ੍ਰੈਲ*(ਪ੍ਰਿਤਪਾਲ ਸਿੰਘ ਪਾਲੀ) ਬੁੱਢੇ ਦਰਿਆ ਕਿਨਾਰੇ ਭੂਖੜੀ ਖੁਰਦ ਨੇੜੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 250 ਦੇ ਕਰੀਬ ਪੰਜਾਬ ਦੇ ਵਿਰਾਸਤੀ ਬੂਟੇ ਲਾਏ ਗਏ। ਦਰਿਆ ਕਿਨਾਰੇ ਪੰਜਾਬ ਦਾ ਰਾਜ ਰੁੱਖ ਟਾਹਲੀ ਦੇ ਬੂਟੇ ਪ੍ਰਮੁੱਖਤਾ ਨਾਲ ਲਾਏ ਗਏ। ਅੱਜ ਲਗਾਏ ਗਏ ਬੂਟਿਆਂ ਵਿੱਚ ਨਿੰਮ, ਬੋਹੜ, ਪਿੱਪਲ, ਟਾਹਲੀ. ਸ਼ਾਤੂਤ, ਚਕੋਤਰਾ ਆਦਿ ਸਨ। ਇੰਨ੍ਹਾਂ ਤੋਂ ਇਲਾਵਾ ਸਜ਼ਾਵਟੀ ਅਤੇ ਖੁਸ਼ਬੂਦਾਰ ਬੂਟਿਆਂ ਵਿੱਚ ਮੰਦਾਕਨੀ, ਗੁਲਾਬ ਅਤੇ ਪਾਮ ਦੇ ਬੂਟੇ ਲਾਏ ਗਏ। ਪਿੰਡ ਦੇ ਸਰਪੰਚ ਸਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚੋਂ ਵਿਰਾਸਤੀ ਬੂਟੇ ਅਲੋਪ ਹੋ ਰਹੇ ਹਨ। ਉਨ੍ਹਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਸੀ ਕਿ ਉਹ ਸੀਚੇਵਾਲ ਦੀਆਂ ਨਰਸਰੀਆਂ ਵਿੱਚੋਂ ਉਹ ਬੂਟੇ ਮੁਹੱਈਆ ਕਰਵਾਉਣ ਜਿਹੜੇ ਪੰਜਾਬ ਵਿੱਚੋਂ ਹੁਣ ਗਾਇਬ ਹੁੰਦੇ ਜਾ ਰਹੇ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਹੜੇ ਨਿੰਮਾਂ ਅਤੇ ਸ਼ਾਤੂਤ ਦੇ ਬੂਟੇ ਲਾਏ ਗਏ ਹਨ, ਉਹ ਪੰਜ ਤੋਂ ਸੱਤ ਫੁੱਟ ਤੱਕ ਵੱਡੇ ਬੂਟੇ ਹਨ ਤਾਂ ਇੰਨ੍ਹਾਂ ਬੂਟਿਆਂ ਨੂੰ ਪਸ਼ੂਆਂ ਤੋਂ ਬਚਾਇਆ ਜਾ ਸਕੇ। ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਢੇ ਦਰਿਆ ਦੇ ਕਿਨਾਰੇ ਜਿੱਥੇ ਵੀ ਦਰਿਆ ਦੀ ਵਾਧੂ ਜ਼ਮੀਨ ਹੋਵੇਗੀ ਉਥੇ ਮਿੰਨੀ ਜੰਗਲ ਲਾਏ ਜਾਣਗੇ ਤਾਂ ਜੋ ਦਰਿਆ ਕਿਨਾਰੇ ਪੰਛੀਆਂ ਦਾ ਰਹਿਣ ਬਸੇਰਾ ਬਣ ਸਕੇ ਤੇ ਬੁੱਢੇ ਦਰਿਆ ਦੀ ਪੁਰਾਤਨ ਸ਼ਾਨ ਬਹਾਲ ਹੋ ਸਕੇ। ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਢੇ ਦਰਿਆ ਵਿੱਚ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੋਂ ਡੇਅਰੀਆਂ, ਫੈਕਟਰੀਆਂ ਅਤੇ ਨਗਰ ਨਿਗਮ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਪੈ ਰਿਹਾ ਹੈ।ਭੂਖੜੀ ਖੁਰਦ ਪਿੰਡ ਤੱਕ ਦਰਿਆ ਵਿੱਚ ਸਾਫ਼ ਪਾਣੀ ਆ ਗਿਆ ਹੈ। ਇਹ ਪ੍ਰਦੂਸ਼ਨ ਦੇ ਅੰਤ ਦੀ ਸ਼ੁਰੂਆਤ ਹੈ। ਸਫਾਈ ਮੁਹਿੰੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਵਲੀਪੁਰ ਕਲਾਂ ਤੱਕ ਸਾਫ ਪਾਣੀ ਨਹੀਂ ਵਗਦਾ।
ਇਸ ਮੌਕੇ ਭੂਖੜੀ ਖੁਰਦ ਵਿੱਚ ਬੁੱਢੇ ਦਰਿਆ ਵਿੱਚ ਸਾਫ ਪਾਣੀ ਆਉਣ ‘ਤੇ 35 ਸਾਲਾਂ ਬਾਅਦ ਵਿਸਾਖੀ ਮਨਾਈ ਜਾ ਰਹੀ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਜ ਆਖੰਡ ਪਾਠ ਆਰੰਭ ਕਰਵਾਇਆ ਗਿਆ ਜਿਸ ਦਾ ਭੋਗ 13 ਅਪ੍ਰੈਲ ਨੂੰ ਪਾਇਆ ਜਾਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਸਤਪਾਲ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਾਰ ਸਖ਼ਸ਼ੀਅਤਾਂ ਨੇ ਦਰਿਆ ਦੇ ਕਿਨਾਰੇ ਰੁੱਖ ਲਾਏ।