ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਦੇ ਅਣਥੱਕ ਯਤਨਾਂ ਸਦਕਾ ਬੁੱਢਾ ਦਰਿਆ ਸਾਫ ਹੋ ਰਿਹਾ ਹੈ :- ਸਪੀਕਰ ਕੁਲਤਾਰ ਸਿੰਘ ਸੰਧਵਾਂ*

*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਪਲੀਤ ਬੁੱਢਾ ਦਰਿਆ ਮੁੜ ਤੋਂ ਸਾਫ ਸੁਥਰਾ ਵਹੇ : ਸੰਧਵਾਂ*
*ਬੁੱਢਾ ਦਰਿਆ ਨੂੰ ਆਖਰੀ ਪਿੰਡ ਵਲੀਪੁਰ ਕਲਾਂ ਤੱਕ ਪ੍ਰਦੂਸ਼ਣ ਮੁਕਤ ਬਣਾਇਆ ਜਾਵੇਗਾ :- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ*
*ਬੁੱਢੇ ਦਰਿਆ ‘ਤੇ ਪਿੰਡ ਭੂਖੜੀ ਖੁਰਦ ਵਿਖੇ ਨਵੇਂ ਬਣੇ ਇਸ਼ਨਾਨ ਘਾਟ ਤੇ ਵਿਸਾਖੀ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਸ਼ਨਾਨ ਕੀਤਾ*

*ਸਪੀਕਰ ਸੰਧਵਾਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਬੁੱਢਾ ਦਰਿਆ ਕੰਢੇ ਬੂਟੇ ਵੀ ਲਗਾਏ*

*ਗ੍ਰਾਮ ਪੰਚਾਇਤ ਭੂਖੜੀ ਖੁਰਦ ਅਤੇ ਗੁਰੂ ਰਾਮਦਾਸ ਨਗਰ ਨੂੰ 5 ਹਜ਼ਾਰ ਲੀਟਰ ਵਾਲੇ ਦੋ ਸਟੀਲ ਟੈਂਕਰ ਦਿੱਤੇ*
ਲੁਧਿਆਣਾ, 13 ਅਪ੍ਰੈਲ 2025 :(ਪ੍ਰਿਤਪਾਲ ਸਿੰਘ ਪਾਲੀ )  ਰਾਜ ਸਭਾ ਮੈਂਬਰ ਅਤੇ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ‘ਤੇ ਪਿੰਡ ਭੂਖੜੀ ਖੁਰਦ (ਲੁਧਿਆਣਾ) ਵਿਖੇ ਨਵੇਂ ਬਣੇ ਇਸ਼ਨਾਨ ਘਾਟ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮਨਾਈ ਗਈ। ਬੁੱਢੇ ਦਰਿਆ ਦੇ ਪੱਤਣਾਂ ‘ਤੇ ਬਣੇ ਇਸ ਇਸ਼ਨਾਨ ਘਾਟ ਤੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਵਿਸਾਖੀ ਦਾ ਇਸ਼ਨਾਨ ਵੀ ਕੀਤਾ। ਇਸ ਵਿਸਾਖੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੀ ਸ਼ਾਮਲ ਸਨ।
ਇਸ ਸਮਾਗਮ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਮੈਂਬਰਾਂ ਦਾ ਧੰਨਵਾਦ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਭੂਖੜੀ ਖੁਰਦ ਨੇੜੇ ਬੁੱਢੇ ਦਰਿਆ ਵਿੱਚ ਸਾਫ ਪਾਣੀ ਵੱਗਦਾ ਦੇਖਕੇ ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਸਹਿਯੋਗ ਕਰਨ ਜੋ ਪੰਜਾਬੀਆਂ ਦੀ ਵਿਰਾਸਤ ਸਮਝੇ ਜਾਂਦੇ ਨਦੀਆਂ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਲੱਗੇ ਹੋਏ ਹਨ। ਜਿੰਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਬੁੱਢਾ ਦਰਿਆ ਸਾਫ ਹੋ ਰਿਹਾ ਹੈ। ਉਹਨਾਂ ਨੇ ਸੰਤ ਸੀਚੇਵਾਲ ਅਤੇ ਕਾਰਸੇਵਕਾ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਹਨਾਂ ਦਾ ਵੱਡਾ ਉਦਮ ਹੈ ਕਿ ਉਹ ਦਿਨ ਰਾਤ ਇਸ ਬੁੱਢੇ ਦਰਿਆ ਨੂੰ ਮੁੜ ਤੋਂ ਪਵਿੱਤਰ ਬਣਾਉਣ ਲਈ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਕੁਦਰਤੀ ਸੋਮਿਆਂ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਕੇ ਰੱਖੀਏ। ਇਸ ਪਵਿੱਤਰ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਬਖਸ਼ਿਸ਼ ਹੈ, ਜਿਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ।
ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਇਹ ਪਲੀਤ ਬੁੱਢਾ ਦਰਿਆ ਮੁੜ ਤੋਂ ਸਾਫ ਸੁਥਰਾ ਵਹੇ। ਜਿਸ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਹਨਾਂ ਸੰਤ ਸੀਚੇਵਾਲ ਨੂੰ ਭਰੋਸਾ ਦਿੱਤਾ ਕਿ ਇਸ ਕਾਰਜ ਲਈ ਉਹਨਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਪਿੰਡ ਭੂਖੜੀ ਖੁਰਦ ਬੁੱਢੇ ਦਰਿਆ ਤੇ ਪਹੁੰਚਣ ਤੇ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੱਸਿਆ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਦੀ ਕੀਤੀ ਗਈ ਕਾਰਸੇਵਾ ਦੇ ਤਰਜ ਤੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਭੂਖੜੀ ਖੁਰਦ ਵਿੱਚ ਸੀਚੇਵਾਲ ਮਾਡਲ ਸਥਾਪਿਤ ਕਰਕੇ ਬੁੱਢੇ ਦਰਿਆ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਣ ਦੇ ਪ੍ਰਬੰਧ ਕੀਤੀ ਗਏ ਹਨ। ਉਹਨਾਂ ਕਿਹਾ ਕਿ ਹਲੇ ਵੀ ਲੁਧਿਆਣਾ ਸ਼ਹਿਰ ਦੀਆਂ ਡੇਅਰੀਆ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਇਸ  ਬੁੱਢੇ ਦਰਿਆ ਵਿਚ ਪੈ ਰਿਹਾ ਹੈ। ਇਹਨਾਂ ਨੂੰ ਬੁੱਢੇ ਦਰਿਆਂ ਵਿਚ ਪੈਣ ਤੋਂ ਰੋਕਣ ਲਈ ਯੋਗ ਪ੍ਰਬੰਧ ਕੀਤੇ ਜਾਣਗੇ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਇਸ ਦੀ ਪੁਰਾਤਨ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਹਨਾਂ ਨੇ ਕਿਹਾ ਕਿ ਬੁੱਢਾ ਦਰਿਆ ਨੂੰ ਆਖਰੀ ਪਿੰਡ ਵਲੀਪੁਰ ਕਲਾਂ ਤੱਕ ਪ੍ਰਦੂਸ਼ਣ ਮੁਕਤ ਬਣਾਇਆ ਜਾਵੇਗਾ।
ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪਣੇ ਐਮ.ਪੀ ਲੈਂਡ ਫੰਡ ਵਿੱਚੋਂ 7.30 ਲੱਖ ਰੁਪਏ ਦੀ ਲਾਗਤ ਨਾਲ ਗ੍ਰਾਮ ਪੰਚਾਇਤ ਭੂਖੜੀ ਖੁਰਦ ਅਤੇ ਗੁਰੂ ਰਾਮਦਾਸ ਨਗਰ ਨੂੰ 5 ਹਜ਼ਾਰ ਲੀਟਰ ਵਾਲੇ ਦੋ ਸਟੀਲ ਟੈਂਕਰ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਕੁਲਤਾਰ ਸਿੰਘ ਸੰਧਵਾਂ ਦੀ ਹਾਜ਼ਰੀ ਵਿੱਚ ਦਿੱਤੇ ਗਏ।
ਇਸ ਤੋਂ ਪਹਿਲਾ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਬੁੱਢਾ ਦਰਿਆ ਕੰਢੇ ਪਿੰਡ ਭੂਖੜੀ ਖੁਰਦ ਵਿਖੇ ਨਵੇਂ ਬਣੇ ਇਸ਼ਨਾਨ ਘਾਟ ਦਾ ਦੌਰਾ ਵੀ ਕੀਤਾ। ਸਪੀਕਰ ਸੰਧਵਾਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਬੁੱਢਾ ਦਰਿਆ ਕੰਢੇ ਬੂਟੇ ਵੀ ਲਗਾਏ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੂੰ ਵੀ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਲਈ ਬੂਟੇ ਵੰਡੇ ਗਏ।
ਪਿੰਡ ਭੂਖੜੀ ਖੁਰਦ ਵਿਖੇ ਲੱਗਾ ਸੀਚੇਵਾਲ ਮਾਡਲ ਵੀ ਦੇਖਿਆ। ਜਿੱਥੇ ਪਿੰਡ ਭੂਖੜੀ ਖੁਰਦ ਦਾ ਪਹਿਲਾ ਗੰਦਾ ਪਾਣੀ ਬੁੱਢਾ ਦਰਿਆ ਵਿਚ ਜਾਂਦਾ ਸੀ ਹੁਣ ਸੀਚੇਵਾਲ ਮਾਡਲ ਲੱਗਣ ਨਾਲ ਇਹ ਪਾਣੀ ਟਰੀਟ ਹੋ ਕੇ ਖੇਤੀ ਨੂੰ ਲੱਗਣ ਲੱਗ ਪਿਆ ਹੈ।
ਪਿੰਡ ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਅਤੇ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਬੁੱਢੇ ਦਰਿਆ ਤੇ ਦਹਾਕਿਆਂ ਬਾਅਦ ਮਨਾਈ ਗਈ ਵਿਸਾਖੀ ਵਿੱਚ ਪਹੁੰਚੀ ਸੰਗਤਾਂ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਜਿੰਦਰ ਪਾਲ ਕੌਰ ਛੀਨਾ,  ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਸ੍ਰੀ ਮਦਨ ਲਾਲ ਬੱਗਾ, ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਸ਼ਾਮਲ ਹੋਏ।

Leave a Comment

Recent Post

ਨਹਿਰੀ ਜਲ ਸਪਲਾਈ ਪ੍ਰੋਜੈਕਟ: ਕੈਬਨਿਟ ਮੰਤਰੀ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਨੇ ਭਾਮੀਆਂ ਇਲਾਕੇ ਵਿੱਚ ਦੋ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ 47.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ* 

Live Cricket Update

You May Like This

ਨਹਿਰੀ ਜਲ ਸਪਲਾਈ ਪ੍ਰੋਜੈਕਟ: ਕੈਬਨਿਟ ਮੰਤਰੀ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਨੇ ਭਾਮੀਆਂ ਇਲਾਕੇ ਵਿੱਚ ਦੋ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ 47.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ*