ਪੋਹ ਦੀ ਸੰਗਰਾਂਦ ਮੌਕੇ “ਜਵੱਦੀ ਟਕਸਾਲ” ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ

ਪ੍ਰਭੂ ਦੀ ਸਿਫਤ ਸਲਾਹ ‘ਚ ਜੁੜਿਆਂ ਦਾ ਵਿਕਾਰਾਂ ਰੂਪੀ ਠੰਡ ਕੁਝ ਵੀ ਨਹੀਂ ਵਿਗਾੜ ਸਕਦੀ-ਸੰਤ ਅਮੀਰ ਸਿੰਘ
ਲੁਧਿਆਣਾ 15 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )-ਗੁਰਬਾਣੀ ਪ੍ਰਚਾਰ-ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਮੁੜ੍ਹ ਬਹਾਲੀ ਲਈ ਨਿਰੰਤਰ ਕਾਰਜਸ਼ੀਲ “ਜਵੱਦੀ ਟਕਸਾਲ” ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਪੋਹ ਦੀ ਸੰਗਰਾਂਦ ਮੌਕੇ ਮਹੀਨਾਵਾਰ ਗੁਰਮਤਿ ਸਮਾਗਮ ਅਤੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਜਿਸ ਦੀ ਆਰੰਭਤਾ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਨੇ ਗੁਰ ਸ਼ਬਦ ਕੀਰਤਨ ਕਰਦਿਆਂ ਕੀਤੀ।

ਸੰਤ ਅਮੀਰ ਸਿੰਘ ਜੀ
ਸੰਤ ਅਮੀਰ ਸਿੰਘ ਜੀ

ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਰਹ ਮਾਹਾ ਤੁਖਾਰੀ ਅਤੇ ਬਾਰਹ ਮਾਹਾ ਮਾਂਝ ਦੀਆਂ ਪਾਵਨ ਪੌੜੀਆਂ ਦੇ ਮਾਧਿਅਮ ਦੁਆਰਾ ਸਮਝਾਉਂਦਿਆਂ ਫੁਰਮਾਇਆ ਕਿ ਪ੍ਰਭੂ ਦੀ ਸਿਫਤ ਸਲਾਹ ‘ਚ ਜੁੜਿਆਂ ਦਾ ਵਿਕਾਰਾਂ ਰੂਪੀ ਠੰਡ ਕੁਝ ਵੀ ਨਹੀਂ ਵਿਗਾੜ ਸਕਦੀ। ਜਿਸ ਦਾ ਚਿੱਤ ਅਰਥਾਤ ਇੱਕ-ਇੱਕ ਸਾਹ ਹਰ ਵੇਲੇ ਪ੍ਰਭੂ ਦੇ ਦੀਦਾਰਾਂ ਲਈ ਚਾਹ ਵਿੱਚ ਜੁੜਿਆ ਰਹਿੰਦਾ ਹੋਵੇ, ਜਿਸ ਜੀਵ ਨੇ ਜਗਤ ਦੇ ਮਾਲਕ ਪਾਲਣਹਾਰ ਪ੍ਰਭੂ ਅਕਾਲ ਪੁਰਖ “ਵਾਹਿਗੁਰੂ” ਜੀ ਦਾ ਆਸਰਾ ਲਿਆ ਹੋਵੇ, ਉਹ ਹੀ ਪਰਮੇਸ਼ਰ ਦੀ ਸਿਫਤ, ਪਰਮੇਸ਼ਰ ਦੀ ਸੇਵਾ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ। ਉਨ੍ਹਾਂ ਸਮਝਾਇਆ ਕਿ ਜਿਹੜੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੇ ਹੋਣ, ਉਨ੍ਹਾਂ ਨੂੰ ਮਾਇਆ ਰੂਪੀ ਹਨੇਰਾ ਛੋਹ ਵੀ ਨਹੀਂ ਸਕਦਾ। ਬਾਬਾ ਜੀ ਨੇ ਸਪੱਸ਼ਟ ਕੀਤਾ ਕਿ ਜਿਸ ਨੂੰ ਪਰਮਾਤਮਾ ਨੇ ਹੀ ਹੱਥ ਫੜ ਕੇ ਆਪਣੇ ਨਾਲ ਜੋੜਿਆ ਹੁੰਦਾ ਹੈ, ਉਹ ਕਦੇ ਵੀ ਉਸ ਤੋਂ ਵਿਛੜਦਾ ਨਹੀਂ। ਅਜਿਹਾ ਸੱਜਣ ਰੂਪੀ ਪਰਮਾਤਮਾ ਅਪਹੁੰਚ ਹੈ। ਉਸ ਦੇ ਗੁਣਾਂ ਦੀ ਡੁੰਘਾਈ ਤੱਕ ਨਹੀਂ ਪਹੁੰਚਿਆ ਜਾ ਸਕਦਾ। ਬਾਬਾ ਜੀ ਨੇ ਬਾਰਹ ਮਾਹਾ ਇਕ ਪੰਗਤੀ ਦੇ ਹਵਾਲੇ ਨਾਲ ਫ਼ੁਰਮਾਇਆ ਕਿ ਪਰਮਾਤਮਾ ਤੋਂ ਲੱਖ ਵਾਰ ਕੁਰਬਾਨ ਜਾਈਏ, ਕਿਉਕਿ ਉਹ ਦਰ ਆਇਆਂ-ਸ਼ਰਨ ਪਿਆਂ ਦੀ ਲਾਜ ਰੱਖਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਬਹੁਤ ਹੀ ਨਰਮ ਦਿਲ ਵਾਲਾ ਦਿਆਲੂ ਹੈ। ਉਸ ਨੂੰ ਆਪਣੇ ਸ਼ਰਨ ਆਇਆਂ ਦੀ ਲਾਜ ਰੱਖਣੀ ਹੀ ਪੈਂਦੀ ਹੈ। ਬਾਬਾ ਜੀ ਨੇ ਸਮਝਾਇਆ ਕਿ ਜਿਸ ਜੀਵ ਉੱਤੇ ਪਰਮੇਸ਼ਰ ਦੀ ਮਿਹਰਾਂ ਵਾਲੀ ਨਿਗ੍ਹਾ ਪੈ ਜਾਵੇ, ਉਸਨੂੰ ਪੋਹ ਦੀਆ ਕਕਰੀਲੀਆਂ ਠੰਡੀਆਂ ਹਵਾਵਾਂ ‘ਚ ਵੀ ਸੁੱਖਾਂ ਨਾਲ ਸੁਹਾਵਣਾ ਤੇ ਨਿੱਘਾ ਅਤੇ ਮਹਿਸੂਸ ਹੋਣ ਲੱਗਦਾ ਹੈ।ਸਮਾਪਤੀ ਉਪਰੰਤ ਬਾਬਾ ਜੀ ਨੇ ਬੇਨਤੀ ਕੀਤੀ ਕਿ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਮਾਤਾ ਗੁਜ਼ਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 21 ਦਸੰਬਰ 2024 ਤੋਂ 28 ਦਸੰਬਰ 2024 ਤੱਕ ਸ਼ਾਮ 7 ਵਜੇ ਤੋਂ ਰਾਤ 8:15 ਵਜੇ ਤੱਕ ਵਿਸ਼ੇਸ਼ ਨਾਮ ਸਿਮਰਨ ਸਮਾਗਮ ਕਰਵਾਏ ਜਾਣਗੇ। ਆਪ ਜੀ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ

Leave a Comment

You May Like This

ਗਿਆਨੀ ਭਗਤ ਸਿੰਘ ਜੀ ਦੀ ਜਨਮ – ਸ਼ਤਾਬਦੀ ਨੂੰ ਸਮਰਪਿਤ ਸਿਮਰਤੀ ਸਮਾਗਮ ਅਤੇ ਪੁਸਤਕ ਲੋਕ  ਅਰਪਣ ਸਮਾਰੋਹ ਦਾ ਆਯੋਜਨ ਹੋਇਆ ਸ੍ਰ: ਰਣਜੋਧ ਸਿੰਘ ਦੇ ਪ੍ਰੇਮ ਦੀ ਤੰਦ ‘ਚ ਬੱਝੀਆਂ ਸ਼ਖਸ਼ੀਅਤਾਂ ਪੁੱਜੀਆਂ, ਪੁਰਖਿਆਂ ਦੇ ਸੰਸਕਾਰਾਂ ਦਾ ਨਿਚੋੜ ਕਿਤਾਬ ਹਾਸਲ ਕੀਤੀ