ਲੁਧਿਆਣਾ, 19 ਅਗਸਤ ( ਪ੍ਰਿਤਪਾਲ ਸਿੰਘ ਪਾਲੀ ) )-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਟੁੱਟ ਪਿਆਰ ਵਿੱਚ ਜੀਵਨ ਬਤੀਤ ਕਰਨ ਵਾਲੇ, ਜਵੱਦੀ ਟਕਸਾਲ ਅਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਦੀ 23 ਵੀਂ ਬਰਸੀ ਦੇ ਸੰਬੰਧ ਵਿੱਚ 15 ਅਗਸਤ ਤੋਂ ਰੋਜਾਨਾ ਸ਼ਾਮ 7 ਵਜੇ ਤੋਂ 10 ਵਜੇ ਦਰਮਿਆਨ ਵਿਸ਼ੇਸ਼ ਜਪ-ਤਪ ਸਮਾਗਮ ਚੱਲ ਰਹੇ ਹਨ। ਜਿਨ੍ਹਾਂ ਦੀ ਸਮਾਪਤੀ 27 ਅਗਸਤ ਨੂੰ ਹੋਵੇਗੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹਨ। ਮਹਾਂਪੁਰਸ਼ਾਂ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਨ ਨਾਮ ਅਭਿਆਸ ਦੀਆਂ ਜੁਗਤਾਂ ਸਮਝਾਉਂਦਿਆਂ ਫ਼ੁਰਮਾਇਆ ਕਿ ਗੁਰਬਾਣੀ ਕੇਵਲ ਪਰਲੋਕ ਦੀ ਅਗਵਾਈ ਲਈ ਹੀ ਨਹੀਂ ਸਗੋਂ ਇਸ ਲੋਕ ਨੂੰ ਵੀ ਸੁਧਾਰਨ ਅਤੇ ਸਮਾਜਿਕ ਤੌਰ ਤੇ ਜੀਵਨ ਨੂੰ ਉਚੇਰਾ ਕਰਨ ਲਈ ਵੀ ਉਤਨੇ ਹੀ ਪ੍ਰਯਤਨਸ਼ੀਲ ਹੈ, ਜਿੰਨਾ ਕਿ ਮੁਕਤੀ ਲਈ। ਗੁਰਬਾਣੀ ਸਭ ਤੋਂ ਵੱਡੀ ਪੂਜਾ ਅਤੇ ਆਦਰ ਗੁਰਬਾਣੀ ਨੂੰ ਪੜ੍ਹਨਾ, ਉਸਨੂੰ ਸਮਝਣਾ ਅਤੇ ਉਸ ਉਪਰ ਅਮਲ ਕਰਨਾ ਹੈ।
“ਗੁਰਬਾਣੀ ਸ਼ਬਦ” ਅਕਾਲ ਪੁਰਖ ਦੇ ਆਪਣੇ ਬੋਲ ਹਨ, “ਸ਼ਬਦ” ਪਰਮਾਤਮਾ ਦਾ ਆਪਣਾ ਬਚਨ ਹੈ। ਇਹ ਆਤਮਿਕ ਅਨੁਭਵ ਹੈ, ਜੋ ਨਾਮ ਜਪਣ ਵਾਲੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੋਇਆ ਹੈ। ਪ੍ਰਭੂ ਦਾ ਸ਼ਬਦ ਗਿਆਨ ਰੂਪੀ ਦੀਵੇ ਵਾਂਗ ਹੈ ਜੋ ਜੀਵ ਦੇ ਮਨ ਦਾ ਅੰਧੇਰਾ ਦੂਰ ਕਰਕੇ ਆਤਮ ਪ੍ਰਕਾਸ਼ ਕਰ ਦਿੰਦਾ ਹੈ। ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।ਵੱਡੀ ਗਿਣਤੀ ਵਿਚ ਸੰਗਤਾਂ ਜਪ ਤਪ ਸਮਾਗਮ ਵਿਚ ਸਮੂਲੀਅਤ ਕਰਦੀਆਂ ਹਨ । ਜਵੱਦੀ ਟਕਸਾਲ ਵੱਲੋਂ ਭਾਈ ਗੁਰਭੇਜ ਸਿੰਘ ਵਲੋਂ ਦੱਸੀ ਜਾਣਕਾਰੀ ਅਨੁਸਾਰ 23 ਅਗਸਤ ਨੂੰ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਭਲਾਈ ਸੰਸਥਾ ਸ਼੍ਰੀ ਅੰਮ੍ਰਿਤਸਰ ਵਾਲੇ ਉਚੇਚੇ ਤੌਰ ‘ਤੇ ਸਮੂਲੀਅਤ ਕਰਨਗੇ।
