ਲੁਧਿਆਣਾ, 30ਅਗਸਤ ( ਪ੍ਰਿਤਪਾਲ ਸਿੰਘ ਪਾਲੀ)-ਪੁਰਾਤਨ ਗੁਰਮਤਿ ਸੰਗੀਤ, ਗੁਰਬਾਣੀ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ, ਅੱਜ ਦਾ ਹਫਤਾਵਾਰੀ ਨਾਮ ਸਿਮਰਨ ਸਮਾਗਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ। ਜੁੜੀਆਂ ਸੰਗਤਾਂ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਫਰਮਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਦਾ ਇੱਕ ਸਰਬ ਸਾਂਝਾ ਸਰੂਪ ਹੈ। ਉਹ ਬੇਅੰਤ ਨਾਵਾਂ ਵਾਲਾ ਹੈ। ਜਿਥੇ ਸਾਰੇ ਧਰਮਾਂ ਦੀ ਪਰਮ ਸੱਤਾ ਲਈ ਵਰਤੇ ਨਾਵਾਂ ਨੂੰ ਇੱਕੋ ਜਿਹੇ ਆਦਰ ਭਾਵ ਨਾਲ ਵੇਖਿਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਉਸ ਸਰਬ ਸਾਂਝੇ ਅਕਾਲ ਪੁਰਖ ਦੇ ਸਾਰੇ ਨਾਵਾਂ ਤੋਂ ਬਲਹਾਰ ਜਾਂਦੀ ਕਹਿੰਦੀ ਹੈ “ਬਲਿਹਾਰੀ ਜੇਤੇ ਤੇਰੇ ਨਾਵ ਹੈ”, “ਜਪੁ” ਬਾਣੀ ਵਿਚ ਕੇਵਲ ਉਸ ਪ੍ਰਭੂ ਦੇ ਸਿਮਰਨ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਸਾਰੀ ਇਨਸਾਨੀਅਤ ਨੂੰ ਜੋੜਨ ਦੀ ਸਮਰੱਥਾ ਹੋਵੇ ਸਭਨਾ ਜੀਆ ਕਾ ਇਕੁ ਸੋ ਮੈ ਵਿਸਰਿ ਨਾ ਜਾਈ”, ਵਿੱਚ ਇਸੇ ਭਾਵ ਨੂੰ ਪ੍ਰਗਟਾਇਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਨਿਸ਼ਾਨਾ “ਏਕੁ ਪਿਤਾ ਏਕਸ ਕੇ ਹਮ ਬਾਰਿਕ”ਦੇ ਪਰਮ ਵਿਚਾਰ ਨੂੰ ਇਨਸਾਨੀਅਤ ਦੇ ਹਿਰਦੇ ਵਿੱਚ ਸੰਚਾਰਿਤ ਕਰਨਾ ਹੈ ਉਹ ਸਾਰੇ ਇਨਸਾਨਾਂ ਦਾ ਸਾਂਝਾ ਪਿਤਾ ਹੈ, ਜੋ ਬਿਨਾਂ ਕਿਸੇ ਭੇਦ ਭਾਵ ਦੇ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਉਹ ਮਨ ਵੀ ਸਾਂਝੀਵਾਲਤਾ ਦਾ ਮੂਲ ਆਧਾਰ ਹੈ ਅਤੇ ਕੋਈ ਜੀਵ ਉਸ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਉਸਨੇ ਪ੍ਰਿਥਵੀ ਪਰ ਸਭ ਦੀ ਵਰਤੋ ਲਈ ਅਮੁਕ ਪਦਾਰਥ ਉਪਜਾਏ ਹਨ। ਪਰ ਸਮੱਸਿਆਵਾਂ ਸਾਡੀ ਅਸੀਮ ਖਾਹਿਸ਼ ਕਾਰਨ ਹਨ ਆਦਰਸ਼ਕ ਇਨਸਾਨ ਉਹ ਹੈ ਜੋ ਸਦਾ ਸੰਤੁਸ਼ਟ ਰਹਿੰਦਾ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਦੇਸ਼ ਵਿਸ਼ਵ ਵਿਆਪੀ ਤਾਂ ਹੈ ਹੀ ਇਸ ਦੇ ਨਾਲ-ਨਾਲ ਇਸ ਵਿੱਚ ਵੀ ਕੋਈ ਅਤਕਥਨੀ ਨਹੀਂ ਕਿ ਪੂਰੇ ਵਿਸ਼ਵ ਨੂੰ ਇੱਕ ਹੀ ਸੂਤਰ ਵਿੱਚ ਪਰੋਣ ਵਾਸਤੇ ਹੋਰ ਕੋਈ ਵਿਚਾਰਧਾਰਾ ਇਸਦੇ ਬਰਾਬਰ ਨਜ਼ਰ ਨਹੀਂ ਆਉਂਦੀ। ਇਸ ਕਰਕੇ ਮਾਨਵਤਾਵਾਦੀ ਤੇ ਪਰਮ-ਮਨੋਰਥਾਂ ਨੂੰ ਇਹ ਮਨੁੱਖਤਾ ਜਦੋਂ ਪ੍ਰਾਪਤ ਕਰਨ ਦੀ ਚਾਹਵਾਨ ਹੋਵੇਗੀ, ਤਾਂ ਨਿਸ਼ਚਿਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਚੇਰੀ ਸੇਧ ਮਿਲੇਗੀ। ਤਦੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਹੀ ਪਰਮ-ਕਲਿਆਣਕਾਰੀ ਨਜ਼ਰ ਆਵੇਗੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।






