ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਬਾਲ ਸੰਭਾਲ ਸੰਸਥਾਵਾਂ ‘ਚ ਮੈਡੀਕਲ ਅਤੇ ਯੂ.ਡੀ.ਆਈ.ਡੀ. ਕੈਂਪ ਲਗਾਉਣ ਦੇ ਹੁਕਮ ਜਾਰੀ

*- ਜਤਿੰਦਰ ਜੋਰਵਾਲ ਵੱਲੋਂ ਡੀ.ਸੀ.ਪੀ.ਓ ਨੂੰ ਲੁਧਿਆਣਾ ਦੇ ਸਾਰੇ ਸੀ.ਸੀ.ਆਈ. ਦਾ ਨਿਰੀਖਣ ਕਰਨ ਅਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼*
ਲੁਧਿਆਣਾ, 28 ਜਨਵਰੀ (ਪ੍ਰਿਤਪਾਲ ਸਿੰਘ ਪਾਲੀ )  ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਦੇ ਚਾਰੇ ਸਰਕਾਰੀ ਬਾਲ ਸੰਭਾਲ ਸੰਸਥਾਵਾਂ (ਸੀ.ਸੀ.ਆਈ.) ਵਿੱਚ ਮੈਡੀਕਲ ਅਤੇ ਵਿਲੱਖਣ ਅਪੰਗਤਾ ਆਈ.ਡੀ. (ਯੂ.ਡੀ.ਆਈ.ਡੀ.) ਕੈਂਪ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ।

ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਜੋਰਵਾਲ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੋਹਿਤ ਗੁਪਤਾ ਦੇ ਨਾਲ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਹ ਕੈਂਪ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਬੁੱਧਵਾਰ ਨੂੰ ਸਰਕਾਰੀ ਬਾਲ ਸੰਭਾਲ ਸੰਸਥਾਵਾਂ ਵਿੱਚ ਲਗਾਏ ਜਾਣ। ਉਨ੍ਹਾਂ ਇਨ੍ਹਾਂ ਕੈਂਪਾਂ ਦੌਰਾਨ ਈ.ਐਨ.ਟੀ., ਮੈਡੀਸਨ, ਡਰਮਾਟੋਲੋਜੀ, ਦੰਦਾਂ ਅਤੇ ਮਨੋਵਿਗਿਆਨ ਸਮੇਤ ਵੱਖ-ਵੱਖ ਖੇਤਰਾਂ ਦੇ ਮਾਹਿਰ ਡਾਕਟਰਾਂ ਦੇ ਮੌਜੂਦ ਹੋਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤਾਂ ਜੋ ਉੱਥੇ ਰਹਿਣ ਵਾਲੇ ਬੱਚਿਆਂ ਦੀ ਡਾਕਟਰੀ ਜਾਂਚ ਕੀਤੀ ਜਾ ਸਕੇ। ਹਰ ਮਹੀਨੇ ਦੋ ਮੈਡੀਕਲ ਕੈਂਪ ਲਗਾਉਣ ਦਾ ਉਦੇਸ਼ ਇੱਕ ਛੱਤ ਹੇਠ ਸੁਖਾਵੀਂ ਡਾਕਟਰੀ ਸਹੂਲਤ ਪ੍ਰਦਾਨ ਕਰਨਾ, ਬੱਚਿਆਂ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਅਤੇ ਪੁਰਾਣੀਆਂ ਬਿਮਾਰੀਆਂ ਨੂੰ ਰੋਕਣਾ ਹੈ।
ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ (ਯੂ.ਡੀ.ਆਈ.ਡੀ.) ਕੈਂਪਾਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀ ਮੌਜੂਦ ਰਹਿਣ। ਉਨ੍ਹਾਂ ਇਨ੍ਹਾਂ ਸੰਸਥਾਵਾਂ ਵਿੱਚ ਬੱਚਿਆਂ ਲਈ ਆਧਾਰ ਕਾਰਡ ਜਾਰੀ ਕਰਨ ਬਾਰੇ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਦੇ ਅਧਿਕਾਰੀਆਂ ਨਾਲ ਚਰਚਾ ਕਰਨ ਦਾ ਵੀ ਜ਼ਿਕਰ ਕੀਤਾ।
ਡਿਪਟੀ ਕਮਿਸ਼ਨਰ ਜੋਰਵਾਲ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਰਸ਼ਮੀ ਸੈਣੀ ਨੂੰ ਲੁਧਿਆਣਾ ਵਿੱਚ ਚੱਲ ਰਹੀਆਂ ਵੱਖ-ਵੱਖ ਅੱਠ ਬਾਲ ਸੰਭਾਲ ਸੰਸਥਾਵਾਂ ਦਾ ਨਿਰੀਖਣ ਕਰਨ ਅਤੇ ਉਸ ਅਨੁਸਾਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਬੱਚਿਆਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਲੁਧਿਆਣਾ ਵਿੱਚ ਚਾਰ ਸਰਕਾਰੀ ਬਾਲ ਸੰਭਾਲ ਸੰਸਥਾਵਾਂ ਹਨ ਜਿਨ੍ਹਾਂ ‘ਸਟੇਟ ਆਫਟਰ ਕੇਅਰ ਹੋਮ ਫਾਰ ਬੁਆਏਜ਼’ ਸਹਿਯੋਗ ਹਾਫਵੇਅ ਹੋਮ, ਗੋਰਮਿੰਟ ਚਿਲਡਰਨ ਹੋਮ ਫਾਰ ਬੁਆਏਜ਼ ਅਤੇ ਆਬਜ਼ਰਵੇਸ਼ਨ ਹੋਮ ਸ਼ਾਮਲ ਹਨ ਅਤੇ ਚਾਰ ਨਿੱਜੀ ਸੀ.ਸੀ.ਆਈ ਹਨ।
ਡਿਪਟੀ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਸੁਹਿਰਦ ਯਤਨ ਕਰ ਰਿਹਾ ਹੈ।

Leave a Comment

Recent Post

Live Cricket Update

You May Like This