ਨਨਕਾਣਾ ਸਾਹਿਬ ਦਾ ਸਾਕਾ ਸਿੱਖ ਇਤਿਹਾਸ ਦਾ ਲਹੂ ਨਾਲ ਸੁਰਖ਼ ਵਰਕਾ ਹੈ-ਸੰਤ ਅਮੀਰ ਸਿੰਘ
ਲੁਧਿਆਣਾ 20 ਫਰਵਰੀ ( ਪ੍ਰਿਤਪਾਲ ਸਿੰਘ ਪਾਲੀ ) ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਅਸਥਾਨ ਸ਼ੀ ਨਨਕਾਣਾ ਸਾਹਿਬ ਦੇ 104 ਵਰ੍ਹੇ ਪਹਿਲਾਂ ਅੱਜ ਦੇ ਦਿਨ ਧਾਰਮਿਕ ਮਰਿਆਦਾ ਅਤੇ ਸਿੱਖ ਸਿਧਾਂਤਾਂ ਤੇ ਪਹਿਰੇਦਾਰੀ ਕਰਦੇ ਗੁਰਸਿੱਖਾਂ ਤੇ ਫਰੰਗੀ ਹਕੂਮਤ ਦੇ ਪਿੱਠੂ ਨਰੈਣੂ ਮਹੰਤ ਵਲੋਂ ਭਾੜੇ ਦੇ ਸੱਦੇ ਬਦਮਾਸ਼ਾਂ ਵਲੋਂ ਵਰਤਾਏ ਸਾਕੇ ਦੇ ਸਬੰਧ ਚ ਅੱਜ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਜੁੜੇ ਸਰੋਤਿਆਂ ਨੇ ਵਿਦਵਾਨਾਂ ਪਾਸੋਂ ਨਨਕਾਣਾ ਸਾਹਿਬ ਦੇ ਇਤਿਹਾਸ ਦੀ ਕਦਮ-ਦਰ-ਕਦਮ ਪੱਖਾਂ ਤੋਂ ਜਾਣਕਾਰੀ ਹਾਸਲ ਕੀਤੀ। ਸੈਮੀਨਾਰ ਦੇ ਆਰੰਭ ਚ ਸ੍ਰ: ਚਰਨਜੀਤ ਸਿੰਘ ਨੇ ਕੁਰਬਾਨੀ ਦੇ ਮੁੱਢ, ਕੀ ਕਾਰਣ ਬਣਦੇ ਹਨ, ਉਸਦੇ ਪਿਛੋਕੜ, ਲਹਿਰ ਕਿਵੇਂ ਬਣਦੀ ਹੈ ਆਦਿ ਪੱਖਾਂ ਨੂੰ ਬਾਰੀਕੀ ਨਾਲ ਬਿਆਨਦਿਆਂ ਸਪੱਸ਼ਟ ਕੀਤਾ ਕਿ ਬਜੁਰਗਾਂ ਦੀਆਂ ਸਾਖੀਆਂ ‘ਚ ਇਤਿਹਾਸ ਦੀ ਰੌਸ਼ਨੀ ਵਿਖਾਈ ਦਿੰਦੀ ਹੈ। ਉਨ੍ਹਾਂ ਇਤਿਹਾਸਕ ਸਰੋਤਾਂ, ਉਸ ਵਕਤ ਦੇ ਖੁਫੀਆ ਦਸਤਾਵੇਜ਼ਾਂ ਆਦਿ ਦੇ ਹਵਾਲੇ ਨਾਲ ਅੰਗਰੇਜ਼ਾਂ ਦੀਆਂ ਲੁਕਵੀਆਂ ਚਾਲਾਂ ਦੇ ਪਰਦੇ ਨੂੰ ਵੀ ਨੰਗਾ ਕੀਤਾ। ਉਨ੍ਹਾਂ ਪੁਰਾਤਨ ਸਿੱਖ ਆਗੂਆਂ ਅਤੇ ਅਜੋਕੇ ਆਗੂਆਂ ਵਿਚਲੀ ਦ੍ਰਿੜਤਾ ‘ਚ ਪਏ ਫਰਕ ਅਤੇ ਨਿੱਜ ਪੱਖਾਂ ਦੇ ਵਧਦੇ ਰੁਝਾਨ ਤੇ ਦੁੱਖ ਪ੍ਰਗਟਾਇਆ। ਪ੍ਰਸਿੱਧ ਖੋਜੀ ਵਿਦਵਾਨ ਡਾਕਟਰ ਅਨੁਰਾਗ ਸਿੰਘ ਨੇ ਪੁਰਾਤਨ ਸਿੱਖ ਆਗੂਆਂ ਦੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਦੇ ਹਵਾਲੇ ਨਾਲ ਕਿਹਾ ਕਿ ਇਸ ਨੇ ਸਿੱਖ ਨੂੰ ਨਿਰਭਉ ਤੇ ਨਿਰਵੈਰ ਬਣਾਇਆ। ਉਨ੍ਹਾਂ ਇਕ-ਇਕ ਸ਼ਬਦ ‘ਚ ਸਪੱਸ਼ਟਤਾ ਨਾਲ ਕਿਹਾ ਕਿ ਜਦੋਂ ਕੋਈ ਸਿੱਖ ਕੁਝ ਧਾਰ ਕੇ ਚਲਦਾ ਹੈ ਤਾਂ ਗੁਰੂ ਉਸਦੇ ਬੋਲਾਂ ਤੇ ਕਦਮਾਂ ਨਾਲ ਹੁੰਦਾ ਹੈ। ਉਨ੍ਹਾਂ ਇਤਿਹਾਸ ਦੇ ਅਣਗੌਲੇ ਪੱਖਾਂ ਨੂੰ ਫੋਲਦਿਆਂ ਸੱਚ ਤੇ ਝੂਠ, ਪਮਾਰਥ ਤੇ ਪਦਾਰਥ ਆਦਿ ਦਾ ਖੁਲਾਸਾ ਕਰਦਿਆਂ ਅਜੋਕੇ ਦੌਰ ‘ਚ ਕਬਜੇ ਨੂੰ ਸੇਵਾ ਦੇ ਰੂਪ ਦਿੱਤੇ ਜਾਣ ਦਾ ਦੁੱਖ ਮਨਾਇਆ। ਉਨ੍ਹਾਂ ਪ੍ਰਬੰਧਕੀ ਸੁਧਾਰ, ਇਤਿਹਾਸ ਨੂੰ ਵਿਗਾੜਨ, ਪੰਚ ਪ੍ਰਧਾਨੀ ਨੂੰ ਛਿੱਕੇ ਟੰਗਣ, ਆਦਿ ਦੇ ਨਾਲ ਨਾਲ ਸਿਦਕੀ ਗੁਰਸਿੱਖਾਂ ਦੇ ਜੀਵਨ ਤੋਂ ਬਾਰੀਕੀ ਨਾਲ ਸਮਝਾਇਆ। ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਕਿਹਾ ਕਿ ਨਨਕਾਣਾ ਸਹਿਣ ਦੇ ਸਾਕੇ ‘ਚ ਸ਼ਹੀਦ ਹੋਏ ਸਿੱਖਾਂ ਅੰਦਰ ਸ਼ਾਂਤੀਪੂਰਵਕ ਸ਼ਬਦ ਗੁਰੂ ਦੀ ਦ੍ਰਿੜਤਾ ਸੀ ਜਿਸ ਸਦਕਾ ਉਨ੍ਹਾਂ ਛਵੀਆਂ, ਗੰਡਾਸਿਆਂ ਦੇ ਤਿੱਖੇ ਵਾਰਾਂ ਨੂੰ ਆਪਣੇ ਪਿੰਡੇ ਤੇ ਸਹਿਆ। ਉਨ੍ਹਾਂ ਜੋਰ ਦਿੰਦੀਆਂ ਕਿਹਾ ਕਿ ਇਸ ਧਰਤੀ ਤੇ ਸਮੇਂ-ਸਮੇਂ ਕਈ ਨਵੀਆਂ ਵਿਚਾਰਧਾਰਾਵਾਂ ਫਲਸਫੇ ਪਨਪੇ ਅਤੇ ਵਕਤ ਦੀ ਹਨ੍ਹੇਰੀ ਨਾਲ ਖੇਰੂ-ਖੇਰੂ ਹੋ ਗਏ। ਪਰ ਜਿਨ੍ਹਾਂ ਵਿਚਾਰਧਾਰਾਵਾਂ ਅਤੇ ਫਲਸਫਿਆਂ ਨੂੰ ਕੌਮਾਂ ਨੇ ਆਪਣੇ ਖੂਨ ਨਾਲ ਸਿਿਚਆ ਉਹ ਸਥਾਪਤ ਰਹੇ ਅਤੇ ਅਜੇ ਤਕ ਜੀਉ ਦੇ ਤਿਉਂ ਖੜ੍ਹੇ ਹਨ। ਪ੍ਰਸਿੱਧ ਕਾਰੋਬਾਰੀ ਅਤੇ ਧਰਮ ਵਿਸ਼ੇ ਨਾਲ ਜੁੜੇ ਸ੍ਰ: ਰਣਜੋਧ ਸਿੰਘ ਨੇ ਕਿਹਾ ਕਿ ਸਾਕੇ ਸਾਡੇ ਮੀਲ ਪੱਥਰ ਹੁੰਦੇ ਹਨ। ਜਿਨ੍ਹਾਂ ਨੂੰ ਕੀਰਤਨ ਦਰਬਾਰ ਸਮਾਗਮਾਂ ਨਾਲ ਲਕੋਇਆ ਜਾਂਦਾ ਹੈ। ਉਨ੍ਹਾਂ ਕਿਹਾ ਅਸੀਂ ਧਰਮ ਤੋਂ ਦੂਰ ਜਾ ਰਹੇ ਹਾਂ। 126 ਸ਼ਹੀਦਾਂ ਨੂੰ ਕਦੋਂ ਯਾਦ ਕਰਾਂਗੇ? ਭਾਈ ਦਰਬਾਰਾ ਸਿੰਘ ਜਰਗ ਨੂੰ ਕਦੋਂ ਯਾਦ ਕਰਾਂਗੇ। ਉਨ੍ਹਾਂ ਜਵੱਦੀ ਟਕਸਾਲ ਵਲੋਂ ਵਿਸ਼ੇਸ਼ ਸੈਮੀਨਾਰ ਕਰਵਾਉਣ ਦੀ ਸ਼ਲਾਘਾ ਕੀਤੀ। ਸੈਮੀਨਾਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਣੇ ਪੁਰਖਿਆਂ ਚੋਂ ਭਾਈ ਤੇਜਾ ਸਿੰਘ ਚੂਹੜਕਾਣਾ ਦੀ ਯਾਦ ਨੂੰ ਸਾਝਾਂ ਕਰਦਿਆਂ ਦਸਿਆ ਕਿ ਉਹ ਸਾਡੇ ਬਜੁਰਗ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮਹਾਨ ਕੌਮਾਂ ਹੀ ਪ੍ਰਮਾਤਮਾਂ ਵਲੋਂ ਸੱਚ ਦੀ ਗਵਾਹੀ ਭਰਨ ਲਈ ਸਮੇਂ-ਸਮੇਂ ਨਵੇਂ ਇਮਿਤਹਾਨਾਂ ਵਿਚੋਂ ਗੁਜਰ ਕੇ ਸੱਚ ਪ੍ਰਤੀ ਸੰਸਾਰ ਨੂੰ ਚੇਤਨਾ ਦਿੰਦੀਆਂ ਹਨ। ਵੱਡਾਪਨ ਵੱਡਿਆਂ ਦੇ ਕੀਤੇ ਕਾਰਨਾਮਿਆਂ ਕਰਕੇ ਹਾਸਲ ਹੁੰਦਾ ਹੈ। ਜਿਹੜੇ ਵੱਡੀ ਘਾਲਣਾ, ਵੱਡੇ ਆਦਰਸ਼ ਸਿਰਜ ਕੇ ਲੁਕਾਈ ਦੀ ਅਗਵਾਈ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਸੈਮੀਨਾਰ ‘ਚ ਸਮੂਲੀਅਤ ਕਰਨ ਵਾਲੇ ਵਿਦਵਾਨਾਂ ਅਤੇ ਸੰਗਤਾਂ ਦੇ ਧੰਨਵਾਦੀ ਬੋਲਾਂ ‘ਚ ਕਿਹਾ ਕਿ ਨਨਕਾਣਾ ਸਾਹਿਬ ਦਾ ਸਾਕਾ ਸਿੱਖ ਇਤਿਹਾਸ ਦਾ ਲਹੂ ਨਾਲ ਸੁਰਖ਼ ਵਰਕਾ ਹੈ, ਵਿਦਵਾਨਾਂ ਨੇ ਆਪਣੇ ਵਿਚਾਰਾਂ ‘ਚ ਬੀਤੇ ਵਕਤ ਦੀ ਦਾਸਤਾਨ ਨਾਲ ਰੂ-ਬ-ਰੂ ਕਰਵਾਉਂਦਿਆਂ ਸਿਦਕ ਅਤੇ ਅਹੰਕਾਰ ਦੀ ਆਪਸੀ ਟੱਕਰ ਵਿਚੋਂ ਸਿਦਕ ਦੀ ਜਿੱਤ ਦੀ ਗਵਾਹੀ ਨੂੰ ਸਾਹਮਣੇ ਲਿਆਂਦਾ। ਨਨਕਾਣਾ ਸਾਹਿਬ ਸਾਕਾ ਨੇ ਜਿਸ ਅਹਿੰਸਾ ਦੀ ਬੇਮਿਸਾਲ ਪਰਿਭਾਸ਼ਾ ਸਿਰਜੀ ਉਸਦੀ ਬਰਾਬਰੀ ਕੋਈ ਹੋਰ ਅਹਿੰਸਾਤਮਿਕ ਕ੍ਰਾਂਤੀ ਨਹੀਂ ਕਰ ਸਕਦੀ। ਇਸ ਮੌਕੇ ਪ੍ਰਸਿੱਧ ਕਵੀ ਸਤਨਾਮ ਸਿੰਘ ਕੋਮਲ ਨੇ ਸਾਕਾ ਨਨਕਾਣਾ ਸਾਹਿਬ ਨਾਲ ਸਬੰਧਿਤ ਇਕ ਕਵਿਤਾ ਸੁਣਾਈ। ਇਸ ਮੌਕੇ ਡਾ: ਰਣਜੀਤ ਸਿੰਘ, ਡਾ: ਸੁਖਦੇਵ ਸਿੰਘ, ਡਾ: ਜੋਗਿੰਦਰ ਸਿੰਘ ਝੱਜ, ਡਾ: ਅਮਰੀਕ ਸਿੰਘ ਸੋਹੀ, ਡਾ: ਭਾਗ ਸਿੰਘ ਵਿਰਕ, ਡਾ: ਮੇਜਰ ਸਿੰਘ, ਪ੍ਰਿ: ਮਨਜਿੰਦਰ ਕੌਰ, ਜੋਗਿੰਦਰ ਸਿੰਘ ਸੰਧੂ, ਬਲਦੇਵ ਸਿੰਘ ਢੱਟ, ਸਕੱਤਰ ਸਿੰਘ, ਪ੍ਰਿਤਪਾਲ ਸਿੰਘ ਪਾਲੀ, ਉਂਕਾਰ ਸਿੰਘ, ਮਲਕੀਤ ਸਿੰਘ ਦਾਖਾ, ਕੇ.ਕੇ. ਬਾਵਾ, ਗਿਆਨੀ ਗੁਰਦੇਵ ਸਿੰਘ, ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ, ਨਾਇਬ ਸਿੰਘ, ਮਨਜੀਤ ਸਿੰਘ ਅਰੋੜਾ, ਸ੍ਰ: ਕੁਲਵਿੰਦਰ ਸਿੰਘ ਬੈਨੀਪਾਲ, ਯਸ਼ਪਾਲ ਸਿੰਘ, ਮਨਜੀਤ ਸਿੰਘ ਬਜੜਾ, ਅੰਮ੍ਰਿਤਪਾਲ ਸਿੰਘ ਸ਼ੰਕਰ, ਸੁਰਜੀਤ ਸਿੰਘ ਦੰਗਾ ਪੀੜਤਾ, ਸ੍ਰ: ਸੁਰਿੰਦਰ ਸਿੰਘ ਯੂ. ਐੱਸ. ਏ. ਆਦਿ ਸ਼ਖਸ਼ੀਅਤਾਂ ਵੀ ਸੈਮੀਨਾਰ ਚ ਸਮੂਲੀਅਤ ਕੀਤੀ।
