ਆਪਣੇ ਬਚਾਓ ਅਤੇ ਸਫਲ ਜੀਵਨ ਬਿਤਾਉਣ ਦਾ ਗਿਆਨ ਦੇਣ ਲਈ ਗੁਰੂਘਰ ਹੋਂਦ ‘ਚ ਆਏ-ਸੰਤ ਅਮਰੀਕ ਸਿੰਘ
ਕਿਹਾ-ਹੁਣ ਕੁਦਰਤ ਦੇ ਵਿਗਾੜੇ ਸਰੂਪ ਨੂੰ ਮੁੜ ਸੰਵਾਰਨ ਦੀ ਸਭ ਤੋਂ ਵੱਧ ਲੋੜ ਹੈ
ਲੁਧਿਆਣਾ/ਪਟਨਾ ਸਾਹਿਬ ਮਈ (ਪ੍ਰਿਤਪਾਲ ਸਿੰਘ ਪਾਲੀ
)-ਹੜ੍ਹ, ਸੋਕਿਆਂ, ਧਰਤੀ ਦਾ ਰੇਤ ਤੇ ਮਾਰੂਥਲ ਹੁੰਦੇ ਜਾਣਾ, ਹਵਾ ਤੇ ਪਾਣੀ ਦਾ ਜਹਿਰੀਲਾ ਹੋਣਾ, ਅੰਨ ਤੇ ਪਾਣੀ ਦਾ ਸੰਕਟ ਆਦਿ ਅਨੇਕਾਂ ਤਬਾਹੀਆਂ ਅੱਜ ਪ੍ਰਚਾਰ ਪਸਾਰ ਦਾ ਹਿੱਸਾ ਬਣਾ ਕੇ ਸਾਨੂੰ ਕਾਰਜਸ਼ੀਲ ਹੋਣਾ ਪਵੇਗਾ, ਕਿਉਕਿ ਇਨ੍ਹਾਂ ਤਬਾਹੀਆਂ ਨੂੰ ਮਨੁੱਖ ਨੇ ਆਪ ਜੀ ਸਹੇੜਿਆ ਹੈ।
ਉਪਰੋਕਤ ਵਿਚਾਰਾਂ ਸੰਤ ਬਾਬਾ ਅਮਰੀਕ ਸਿੰਘ ਜੀ ਮੁਖੀ ਸੰਪਰਦਾਇ ਕਾਰ ਸੇਵਾ ਪਟਿਆਲਾ ਵਾਲਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਗੁਰੂ ਕਾ ਬਾਗ ਪਟਨਾ ਸਾਹਿਬ ਵਿਖੇ ਆਪਣੇ ਸਹਿਯੋਗੀ ਬਾਬਾ ਹਰਪਿੰਦਰ ਸਿੰਘ ਭਿੰਦਾ, ਬਾਬਾ ਗੁਰਦੀਪ ਸਿੰਘ ਬੋਹਲ਼ੀ, ਮੇਜਰ ਸਿੰਘ, ਬਲਵਿੰਦਰ ਸਿੰਘ ਮੰਗਾ, ਗੁਰਾਏ ਵੀਰ, ਅੰਬ ਦੇ ਬੂਟੇ ਲਗਾਉਂਦਿਆਂ ਫ਼ੁਰਮਾਇਆ ਕਿ ਅੱਜ ਖਤਰੇ ਦੀ ਘੰਟੀ ਨੂੰ ਸੁਣਨ ਅਤੇ ਸਮਝਣ ਦੀ ਲੋੜ ਹੈ। ਕੁੱਲ ਦੁਨੀਆਂ ਦੇ ਬੰਦਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਣੇ ਬਚਾਓ ਅਤੇ ਸਫਲ ਜੀਵਨ ਬਿਤਾਉਣ ਦਾ ਗਿਆਨ ਦੇਣ ਲਈ ਗੁਰੂਘਰ ਹੋਂਦ ‘ਚ ਆਏ। ਬਾਬਾ ਜੀ ਨੇ ਦੱਸਿਆ ਕਿ ਕੈਂਸਰ, ਚਮੜੀ-ਅੱਖਾਂ-ਸਾਹ ਆਦਿ ਦੇ ਰੋਗਾਂ ਦੇ ਬਚਾਅ ਲਈ ਸਾਨੂੰ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਪਵੇਗਾ। ਕਿਉਕਿ ਮਸ਼ੀਨੀ ਯੁੱਗ ਦੀ ਆਮਦ ਤੋਂ ਪਹਿਲਾਂ ਪਰਮੇਸ਼ਰ ਦੇ ਸਾਜੇ ਦਰਿਆ-ਸਮੁੰਦਰ, ਓਜ਼ੋਨ ਗੈਸਾਂ ਦੀ ਪਰਤ, ਪਹਾੜ ਝੀਲਾਂ ਅਦਿ ਦੇ ਆਸਰੇ ਮਨੁੱਖ ਜੀਵ ਸਮੇਤ ਜੰਗਲੀ ਜੀਵ ਜੰਤੂ ਸਭ ਸੁਖੀ ਵਸਦੇ ਸਨ। ਪਰ, ਢਾਈ ਸੌ ਸਾਲ ਦੇ ਮਸ਼ੀਨੀ ਯੁੱਗ ਨੇ ਪੱਥਰ, ਕੋਇਲਾ, ਪੈਟਰੋਲ ਡੀਜ਼ਲ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਆਦਿ ਦੀ ਵਰਤੋਂ ਕਰਦਿਆਂ ਕੁਦਰਤ ਦੇ ਸਰੂਪ ਨੂੰ ਵਿਗਾੜ ਦਿੱਤਾ। ਹੁਣ ਕੁਦਰਤ ਦੇ ਵਿਗਾੜੇ ਸਰੂਪ ਨੂੰ ਮੁੜ ਸੰਵਾਰਨ ਦੀ ਸਭ ਤੋਂ ਵੱਧ ਲੋੜ ਹੈ। ਬਾਬਾ ਜੀ ਨੇ ਹਲੂਣਾ ਦਿੰਦੇ ਬੋਲਾਂ ਨਾਲ ਕਿਹਾ ਕਿ ਪਾਣੀ ਤਾਂ ਫਿਲਟਰ ਵਾਲਾ ਜਾਂ ਬੋਤਲਾਂ ਵਾਲਾ ਖਰੀਦ ਕੇ ਪੀ ਲਵੋਗੇ, ਪਰ ਜਹਿਰੀਲੀ ਹੋਈ ਜਾ ਰਹੀ ਹਵਾ ਤੋਂ ਕਿਵੇਂ ਬਚੋਗੇ? ਕੀ ਹਵਾ ਸਾਫ ਕਰਨ ਵਾਲੀ ਮਸ਼ੀਨ ਚੁੱਕੀ ਫਿਰੋਗੇ? ਇਸ ਲਈ ਹਰ ਮਨੁੱਖ ਵੱਧ ਤੋਂ ਵੱਧ ਧਰਤੀ ਦਾ ਸ਼ਿੰਗਾਰ ਰੁੱਖ ਬਚਾਵੇ ਅਤੇ ਬੂਟੇ ਬੀਜਣ ਨੂੰ ਆਪਣਾ ਫਰਜ਼ ਸਮਝੇ।