ਲੁਧਿਆਣਾ,13 ਨਵੰਬਰ ( ਪ੍ਰਿਤਪਾਲ ਸਿੰਘ ਪਾਲੀ )- ਦਫਤਰ ਜਵੱਦੀ ਟਕਸਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਅੱਜ 350 ਵੀਂ ਸ਼ਹੀਦੀ ਸ਼ਤਾਬਦੀ ਦੇ ਸਬੰਧ ‘ਚ ਤੀਜਾ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਉੱਘੇ ਸਿੱਖ ਵਿਦਵਾਨ ਡਾ: ਇੰਦਰਜੀਤ ਸਿੰਘ ਗੋਗੋਆਣੀ ਖਾਲਸਾ ਕਾਲਜ ਅੰਮ੍ਰਿਤਸਰ, ਡਾ: ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਬੁਲਾਰੇ ਹੋਣਗੇ ਜਦਕਿ ਡਾ: ਸਰਬਜੀਤ ਕੌਰ ਸੰਧਾਵਾਲੀਆ ਇਸ ਸੈਮੀਨਾਰ ਦੀ ਪ੍ਰਧਾਨਗੀ ਕਰਨਗੇ। ਔਰੰਗਜ਼ੇਬ ਜੈਸੇ ਕਰੂਰ ਬਾਦਸ਼ਾਹ, ਜਿਸ ਨੇ ਦੁਨੀ ਦੀ ਖਾਤਰ ਦੀਨ ਗਵਾਇਆ, ਜਿਸ ਨੂੰ ਨਾ ਲੋਕ ਲਾਜ, ਨਾ ਬਾਪ ‘ਤੇ ਤਰਸ, ਨਾ ਭਰਾਵਾਂ ‘ਤੇ ਦਇਆ ਆਈ, ਐਸੇ ਗਰੂਰ ਤੇ ਹੰਕਾਰ ਵਿੱਚ ਭਰੇ ਵਕਤੀ ਬਾਦਸ਼ਾਹ ਔਰੰਗਜੇਬ ਦੇ ਸਿਰ ‘ਤੇ ਆਪਣੇ ਸਰੀਰ ਦਾ ਠੀਕਰਾ ਭੰਨਣ ਵਾਲੇ ਤਿਲਕ ਜੰਝੂ ਦੀ ਖਾਤਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਮਾਨਵਤਾ ਦੇ ਇਤਿਹਾਸ ਦੀ ਐਸੀ ਅਦੁੱਤੀ ਘਟਨਾ ਹੈ, ਜੋ ਨਾ ਕਦੇ ਪਹਿਲਾਂ ਹੋਈ ਅਤੇ ਨਾ ਹੀ ਹੋ ਸਕੇਗੀ। ਇਸੇ ਤਰ੍ਹਾਂ ਧਰਮਵੀਰ ਤੇ ਆਤਮ ਗਿਆਨੀ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਮਿਸਾਲ ਵੀ ਕਿਧਰੇ ਨਹੀਂ ਮਿਲਦੀ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਨੇ ਸਭਨਾਂ ਨੂੰ ਸੈਮੀਨਾਰ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ।
ਜਿਕਰਯੋਗ ਹੈ ਕਿ ਸੰਸਾਰ ਭਰ ‘ਚ ਧਰਮ ਪ੍ਰਚਾਰ ਪਸਾਰ ਲਈ ਜਵੱਦੀ ਟਕਸਾਲ ਗੁਰਬਾਣੀ, ਗੁਰ ਇਤਿਹਾਸ ਅਤੇ ਪੁਰਾਤਨ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਜਾਣੀ ਜਾਂਦੀ ਹੈ। ਇਸ ਤੋਂ ਪਹਿਲਾਂ 4 ਤਰੀਕ ਨੂੰ ਵੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਸੀ। ਸੂਬੇ ਦੇ ਕੇਂਦਰੀ ਸ਼ਹਿਰ ਲੁਧਿਆਣਾ ਸਥਿਤ ਜਵੱਦੀ ਟਕਸਾਲ ਵੱਲੋਂ ਕਰਵਾਏ ਜਾਂਦੇ ਅਜਿਹੇ ਸੈਮੀਨਾਰਾਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸੰਗਤਾਂ ਵਿੱਚ ਭਾਰੀ ਉਤਸਾਹ ਰਹਿੰਦਾ ਹੈ।








