ਲੁਧਿਆਣਾ 11 ਦਸੰਬਰ (     ਪ੍ਰਿਤਪਾਲ ਸਿੰਘ ਪਾਲੀ        )- ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਪੁਰਾਤਨ ਗੁਰਮਤਿ ਸੰਗੀਤ ਨੂੰ ਹੂ-ਬ-ਹੂ ਬਰਕਰਾਰ ਰੱਖਣ ਦੇ ਨਾਲ ਨਾਲ ਵਿਸ਼ਵ-ਭਰ ‘ਚ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਅਰੰਭੇ ਤੇ ਨਿਰੰਤਰ ਚਲਦੇ ਕਾਰਜ਼ਾਂ ਦੇ ਨਾਲ-ਨਾਲ ਪ੍ਰਫੁੱਲਤ ਕਰਨ ਲਈ ਅਰੰਭੇ ਕਾਰਜ਼ਾਂ ਤਹਿਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭੀ ਲੜੀ ਤਹਿਤ, ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਲੋਂ ਉਲੀਕੀ ਰੂਪ-ਰੇਖਾ ਤੇ ਵਕਤ ਦੀ ਕੀਤੀ ਵਿਉਤਬੰਦੀ ਅਨੁਸਾਰ 34 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਅੱਜ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਵਿਖੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ਼ ਨਾਲ ਆਰੰਭਤਾ ਹੋਈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਆਰੰਭਤਾ ਦੀ ਅਰਦਾਸ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਕੀਤੀ, ਜਦਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ ਭਾਈ ਗੁਰਪ੍ਰੀਤ ਸਿੰਘ ਨੇ ਸਰਵਣ ਕਰਵਾਇਆ। ਗੁਰਮਤਿ ਸੰਗੀਤ ਦੇ ਰਸੀਏ, ਜਵੱਦੀ ਟਕਸਾਲ ਨਾਲ ਜੁੜੇ ਨਾਮ ਬਾਣੀ ਦੇ ਬੇਅੰਤ ਜਗਿਆਸੂ, ਆਤਮ-ਮੰਡਲ ਦੇ ਪੰਧਾਉ ਇਸ ਸ਼ੁੱਭ ਅਵਸਰ ਮੌਕੇ ਵੱਡੀ ਗਿਣਤੀ ‘ਚ ਜੁੜੇ। ਇਸ ਤੋਂ ਪਹਿਲਾਂ ਰੋਜ਼ਾਨਾ ਦੀ ਧਾਰਮਿਕ ਮਰਿਆਦਾ ਅਨੁਸਾਰ “ਜਵੱਦੀ ਟਕਸਾਲ” ‘ਚ ਗੁਰਮਤਿ ਗਿਆਨ ਦੇ ਸਾਂਚੇ ‘ਚ ਢਲੇ ਗਿਆਨੀ ਜਸਵਿੰਦਰ ਸਿੰਘ ਜੀ ਨੇ ਚਲ ਰਹੇ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਸਾਂਝੀ ਕੀਤੀ, ਗੌਰਵ ਸਿੰਘ ਨੇ ਰਹਿਰਾਸ ਸਾਹਿਬ ਦੇ ਪਾਠ ਕੀਤੇ। ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਿਦਆਰਥੀਆਂ ਚੋਂ ਭਾਈ ਗੁਰਸੇਵਕ ਸਿੰਘ ਜੀ ਨੇ ਆਰਤੀ, ਰਾਗ ਜੈਤਸਰੀ ‘ਚ ਸ਼ਬਦ ਕੀਰਤਨ ਕਰਦਿਆਂ ਇਸ ਵਰ੍ਹੇ ਦੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ ਦੀ । ਇਸ ਤੋਂ ਉਪਰੰਤ ਭਾਈ ਤਰਲੋਚਨ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨੇ ਰਾਗ ਜੈਜਾਵੰਤੀ ਤੇ  ਭਾਈ ਬਿਨੀਤ ਸਿੰਘ ਜੀ ਦਿੱਲੀ ਵਾਲਿਆਂ ਨੇ ਰਾਗ ਗਾਉੜੀ, ਕੇਦਾਰਾ ਤੇ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਰਾਗ ਸੋਰਠਿ, ਸਿਰੀ ਤੇ ਭਾਈ ਅਵਤਾਰ ਸਿੰਘ ਜੀ ਬੈਂਕ ਵਾਲੇ ਨੇ ਰਾਗ ਧਨਾਸਰੀ, ਕਲਿਆਣ ਤੇ ਭਾਈ ਸ਼ਮਿੰਦਰ ਪਾਲ ਸਿੰਘ ਜੀ ਜਲੰਧਰ ਵਾਲਿਆਂ ਨੇ ਰਾਗ ਜੈਜਾਵੰਤੀ, ਨਟ ਨਰਾਇਣ ਰਾਗਾਂ ਅਧਾਰਿਤ ਗੁਰਬਾਣੀ ਸ਼ਬਦ ਕੀਰਤਨ ਕਰਦਿਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਉਨ੍ਹਾਂ ਦੇ ਪ੍ਰਾਣਾਂ ਤੋਂ ਪਿਆਰੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਤਿੰਨ ਗੁਰਸਿੱਖਾਂ ਦੀ 350 ਵੀਂ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ 34 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਆਰੰਭਲੇ ਦਿਨ ਹਾਜ਼ਰੀ ਭਰੀ। ਸਟੇਜ ਸੰਚਾਲਨ ਦੀ ਸੇਵਾ ਗਿਆਨੀ ਬਲਜਿੰਦਰ ਸਿੰਘ ਕੈਨੇਡਾ ਨੇ ਨਿਭਾਈ। ਆਰੰਭਤਾ ਦੀ ਅਰਦਾਸ ਮੌਕੇ ਗਿਆਨੀ ਗੁਰਵਿੰਦਰ ਸਿੰਘ, ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ,  ਬਲਦੇਵ ਸਿੰਘ ਢੱਟ, ਡਾ: ਜੋਗਿੰਦਰ ਸਿੰਘ ਝੱਜ, ਡਾ: ਸੁਖਦੇਵ ਸਿੰਘ, ਸ੍ਰ: ਸਕੱਤਰ ਸਿੰਘ, ਸ੍ਰ: ਅੰਮ੍ਰਿਤਪਾਲ ਸਿੰਘ ਗਰੇਵਲ, ਸ੍ਰ: ਬਲਬੀਰ ਸਿੰਘ ਸੇਖੋਂ, ਗਿਆਨੀ ਕੇਵਲ ਸਿੰਘ, ਗਿਆਨੀ ਗੁਰਦੇਵ ਸਿੰਘ, ਪਵਿੱਤਰ ਸਿੰਘ, ਆਦਿ ਸ਼ਖਸ਼ੀਅਤਾਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ।