ਲੁਧਿਆਣਾ,29 ਨਵੰਬਰ (ਪ੍ਰਿਤਪਾਲ ਸਿੰਘ ਪਾਲੀ )-ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਮਨੁੱਖਤਾ ਦੇ ਉੱਧਾਰ ਲਈ ਪ੍ਰਚਾਰ ਯਾਤਰਾਵਾਂ ਕੀਤੀਆਂ,ਗੁਰਬਾਣੀ ਨਾਮ-ਸਿਮਰਨ ਦਾ ਉਪਦੇਸ਼ ਦਿੱਤਾ ਅਤੇ ਆਦਰਸ਼ਕ ਜੀਵਨ ਜੁਗਤੀ ਸਮਝਾਈ। ਲੋਕਾਂ ਵਿੱਚ ਵਿਚਰ ਕੇ ਉਹਨਾਂ ਦੇ ਦੁਖੜੇ ਸੁਣੇ ਅਤੇ ਹੱਲ ਕੀਤੇ।
ਉਪਰੋਕਤ ਵਿਚਾਰਾਂ ਸੰਤ ਗਿਆਨੀ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਸਸਕਾਰ ਦਿਵਸ ਮੌਕੇ ਪ੍ਰਗਟਾਉਦਿਆਂ ਫ਼ੁਰਮਾਇਆ ਕਿ ਗੁਰੂ ਸਾਹਿਬ ਜੀ ਨੇ ਧਰਮ ਦੀ ਆਜ਼ਾਦੀ ਲਈ ਅਨਯਾਯ-ਕਾਲਕ ਗੁਰੂ ਜੀ ਨੇ ਆਪਾਂ ਨਿਸ਼ਾਵਰ ਕਰਕੇ ਆਪਣੇ ਸਰੀਰ ਰੂਪੀ ਚਾਦਰ ਨਾਲ ਮਨੁੱਖਤਾ ਦੇ ਦੁੱਖਾਂ ਨੂੰ ਢੱਕ ਲਿਆ। ਇਸੇ ਲਈ ਆਪ ਜੀ ਨੂੰ ਧਰਮ ਦੀ ਚਾਦਰ ਅਤੇ ਸ੍ਰਿਸ਼ਟੀ ਦੀ ਚਾਦਰ ਕਹਿ ਕੇ ਸਤਿਕਾਰਿਆ ਜਾਂਦਾ ਹੈ।
ਸੰਸਾਰ ਭਰ ‘ਚ ਅੱਜ ਜੇਕਰ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਂਤੀ ਦੀ ਗੱਲ ਹੋਣ ਲੱਗੀ ਹੈ, ਤਾਂ ਇੱਥੇ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਅੰਦਰ ਤਾਂ 550 ਸਾਲ ਤੋਂ ਪਹਿਲਾਂ ਹੀ ਭਰਪੂਰ ਉਲੇਖ ਹੋਇਆ ਮਿਲਦਾ ਹੈ, ਉਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅੱਜ ਤੋਂ 350 ਸਾਲ ਪਹਿਲਾਂ ਧਰਮ ਦੀ ਆਜ਼ਾਦੀ ਦੇ ਅਧਿਕਾਰ ਲਈ ਆਪਣੀ ਸ਼ਹਾਦਤ ਦੇ ਕੇ ਇਸ ਨੂੰ ਵਿਵਹਾਰਿਕ ਰੂਪ ਵਿੱਚ ਲਾਗੂ ਕਰ ਦਿੱਤਾ ਸੀ। ਸਾਨੂੰ ਅਜਿਹੇ ਦੀਨ-ਦਿਆਲ ਪਰਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਪਰਉਪਕਾਰੀ ਤੇ ਲਸਾਨੀ ਸ਼ਹੀਦੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।






